- ਹਸਪਤਾਲ ਵਿਚ ਦਾਖਲ ਮਰੀਜ਼ ਨੇ ਆਪਣੇ ਇਲਾਜ ਅਤੇ ਰੋਜ਼ਾਨਾ ਸਰੀਰਕ ਇੰਪਰੂਵਮੈਂਟ ਦੀ ਜਾਣਕਾਰੀ ਕੈਬਨਿਟ ਮੰਤਰੀ ਨੂੰ ਦਿੱਤੀ
ਫਿਰੋਜ਼ਪੁਰ, 21 ਅਪ੍ਰੈਲ 2020 : ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਕੋਰੋਨਾ ਪਾਜ਼ੀਟਿਵ ਪੰਜਾਬ ਪੁਲਿਸ ਦੇ ਜਵਾਨ ਨਾਲ ਵੀਡੀਓ ਕਾਲ ਦੇ ਰਾਹੀਂ ਗੱਲਬਾਤ ਕੀਤੀ ਅਤੇ ਉਸ ਦਾ ਹਾਲਚਾਲ ਪੁੱਛਿਆ। ਉਨ੍ਹਾਂ ਮਰੀਜ਼ ਦੇ ਹੋ ਰਹੇ ਇਲਾਜ, ਉਸ ਨੂੰ ਸਿਵਲ ਹਸਪਤਾਲ ਵਿਚ ਡਾਕਟਰੀ ਮਦਦ ਅਤੇ ਉਸ ਦੀ ਰੋਜ਼ਾਨਾ ਸਰੀਰ ਵਿੱਚ ਹੋ ਰਹੀ ਇੰਪਰੂਵਮੈਂਟ ਬਾਰੇ ਜਾਣਕਾਰੀ ਹਾਸਲ ਕਿਤੀ। ਰਾਣਾ ਸੋਢੀ ਨੇ ਮਰੀਜ਼ ਨੂੰ ਦੱਸਿਆ ਕਿ ਉਸ ਨੂੰ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਉਹ ਪੂਰੀ ਤਰ੍ਹਾਂ ਉਸਦੇ ਨਾਲ ਹਨ। ਕੈਬਨਿਟ ਮੰਤਰੀ ਨੇ ਮਰੀਜ਼ ਨੂੰ ਆਖਿਆ ਕਿ ਉਸਦੇ ਸੰਪਰਕ ਵਿਚ ਆਉਣ ਵਾਲੇ ਸਾਰੇ 34 ਲੋਕਾਂ ਦੇ ਕੋਰੋਨਾ ਰਿਪੋਰਟਾਂ ਦੇ ਟੈੱਸਟ ਨੈਗੇਟਿਵ ਆਏ ਹਨ, ਜਿਸ ਨਾਲ ਹੁਣ ਸਾਰੇ ਸੁਰੱਖਿਅਤ ਹਨ।
ਕੈਬਨਿਟ ਮੰਤਰੀ ਨਾਲ ਗੱਲਬਾਤ ਕਰਦਿਆਂ ਮਰੀਜ਼ ਨੇ ਦਸਿਆ ਕਿ ਉਸ ਨੂੰ ਸਿਵਲ ਹਸਪਤਾਲ ਵਿੱਚ ਵਧੀਆ ਇਲਾਜ ਮਿਲ ਰਿਹਾ ਹੈ ਅਤੇ ਡਾਕਟਰਾਂ ਵੱਲੋਂ ਉਸ ਦੀ ਸਿਹਤ ਦੀ ਰੋਜ਼ਾਨਾ ਪੜਤਾਲ ਕੀਤੀ ਜਾ ਰਹੀ ਹੈ। ਉਸ ਨੂੰ 3 ਟਾਈਮ ਦਾ ਪੌਸ਼ਟਿਕ ਖਾਣਾ ਮਿਲ ਰਿਹਾ ਹੈ ਤੇ ਕਿਹਾ ਕਿ ਉਹ ਰੋਜ਼ਾਨਾ ਕਸਰਤ ਕਰ ਰਿਹਾ ਹੈ ਤੇ ਵੀਡੀਓ ਕਾਲ ਦਰਮਿਆਨ ਕਸਰਤ ਵੀ ਕਰਕੇ ਵਿਖਾਈ। ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਉਹ ਪੰਜਾਬ ਪੁਲਿਸ ਦੇ ਜਵਾਨ ਪਰਮਜੋਤ ਸਿੰਘ ਦੀ ਜਲਦੀ ਸਿਹਤਮੰਦ ਹੋਣ ਦੀ ਅਰਦਾਸ ਕਰਦੇ ਹਨ ਅਤੇ ਉਹ ਕਿਸੀ ਵੀ ਤਰ੍ਹਾਂ ਦੀ ਮਦਦ ਲਈ ਉਨ੍ਹਾਂ ਨੂੰ ਬੇਝਿਜਕ ਫ਼ੋਨ ਕਰ ਸਕਦੇ ਹਨ। ਉਨ੍ਹਾਂ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਮਰੀਜ਼ ਨੂੰ ਵਧੀਆ ਇਲਾਜ ਉਪਲਬਧ ਕਰਵਾਉਣ ਲਈ ਕਿਹਾ ਤਾਂ ਜੋ ਉਸ ਦੀ ਸਿਹਤ ਜਲਦੀ ਠੀਕ ਹੋ ਸਕੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੇ ਲੋਕਾਂ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਟੈੱਸਟ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਨਾਲ ਕਮਿਊਨਿਟੀ ਟਰਾਂਸਮਿਸ਼ਨ ਦਾ ਖ਼ਤਰਾ ਟਲ ਗਿਆ ਹੈ।