ਅਸ਼ੋਕ ਵਰਮਾ
ਬਠਿੰਡਾ, 25 ਅਗਸਤ 2020 - ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ ਨੂੰ ਇਸ ਬਿਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਬਜਾਏ ਤੁਰੰਤ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ।
ਟੈਸਟ ਉਪਰੰਤ ਪਾਜ਼ੀਟਿਵ ਆਏ ਮਰੀਜ਼ਾਂ ਦਾ ਘਰ ਵਿਚ ਹੀ ਇਲਾਜ ਕਰਨ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੋਂ ਮਰੀਜ਼ ਨਾਲ ਫੋਨ ਕਾਲ, ਵਟਸਐਪ ਗਰੁੱਪ ਅਤੇ ਵੀਡੀਓ ਕਾਲ ਰਾਹੀਂ ਲਗਾਤਾਰ ਸੰਪਰਕ ਰੱਖਿਆ ਜਾਵੇਗਾ। ਮਾਹਰ ਡਾਕਟਰ ਮਰੀਜ਼ਾਂ ਨੂੰ ਖਾਣੇ ਅਤੇ ਦਵਾਈ ਸਬੰਧੀ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਮਰੀਜਾਂ ਲਈ ਯੋਗਾ ਕਲਾਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿਸ ਵਿਚ ਯੋਗਾ ਮਾਹਰ ਮਰੀਜ਼ਾਂ ਨੂੰ ਟ੍ਰੇਨਿੰਗ ਦੇਣਗੇ। ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕੰਟਰੋਲ-ਰੂਮ ਫੋਨ ਕਰ ਸਕਦਾ ਹੈ ਉਸਨੂੰ ਲੋੜ ਪੈਣ ਤੇ ਹਸਪਤਾਲ ਸ਼ਿਫਟ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ 85 ਫੀਸਦੀ ਕੇਸਾਂ ਵਿੱਚ ਲੱਛਣ ਨਜ਼ਰ ਨਹੀਂ ਆਉਂਦੇ, ਅਜਿਹੇ ਮਰੀਜ਼ਾਂ ਲਈ ਘਰ ਵਿੱਚ ਇਕਾਂਤਵਾਸ ਦੇ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਘਰ ਵਿਚ ਮਰੀਜ਼ ਕੋਲ ਵੱਖਰਾ ਕਮਰਾ ਤੇ ਗੁਸਲਖਾਨਾ ਹੋਣਾ ਜ਼ਰੂਰੀ ਹੈ।
ਰੈਡ ਕਰਾਸ ਬਠਿੰਡਾ ਵਲੋਂ ਘਰ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਲਈ ਕੋਵਿਡ ਸੁਰੱਖਿਆ ਕਿੱਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਮਰੀਜ਼ ਦੀ ਲੋੜ ਦਾ ਜ਼ਰੂਰੀ ਸਮਾਨ ਪਲਸ ਆਕਸੀਮੀਟਰ, ਥਰਮਾਮੀਟਰ, ਸੈਨੇਟਾਈਜ਼ਰ ਤੋਂ ਇਲਾਵਾ ਜ਼ਿੰਕ ਅਤੇ ਵਿਟਾਮਿਨ ਦੀਆਂ ਗੋਲੀਆਂ ਅਤੇ ਬੁਖ਼ਾਰ ਦੀ ਦਵਾਈ ਹੋਵੇਗੀ। ਇਸ ਕੋਵਿਡ ਸੁਰੱਖਿਆ ਕਿੱਟ ਦੀ ਕੀਮਤ 1500 ਰੁਪਏ ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ 683 ਐਕਟਿਵ ਮਰੀਜ਼ ਹਨ ਜਿੰਨ੍ਹਾਂ ਵਿੱਚੋ 342 ਮਰੀਜ਼ ਘਰਾਂ ਵਿੱਚ ਇਕਾਂਤਵਾਸ ਵਿਚ ਹਨ। ਬਠਿੰਡਾ ਜ਼ਿਲ੍ਹੇ ਵਿਚ ਰੋਜ਼ਾਨਾ ਕਰੋਨਾ ਟੈਸਟਾਂ ਦੀ ਸਮਰੱਥਾ 1000 ਤੱਕ ਵਧਾ ਦਿੱਤੀ ਗਈ ਹੈ। ਖਾਂਸੀ, ਬੁਖ਼ਾਰ ਜਾਂ ਥਕਾਵਟ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਨੂੰ ਬਿਨਾਂ ਕਿਸੇ ਡਰ ਦੇ ਕਰੋਨਾ ਟੈਸਟ ਲਈ ਅੱਗੇ ਆਉਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਮਰੀਜ਼ਾਂ ਦੀ ਹਰ ਕਿਸਮ ਦੀ ਸਹਾਇਤਾ ਲਈ ਪ੍ਰਬੰਧ ਕੀਤੇ ਗਏ ਹਨ।