ਹਰਿੰਦਰ ਨਿੱਕਾ
- ਆਈਸੋਲੇਸ਼ਨ ਵਾਰਡ ,ਚ ਭਰਤੀ ਕਰਕੇ ਸੈਂਪਲ ਜਾਂਚ ਲਈ ਭੇਜੇ
ਬਰਨਾਲਾ, 1 ਅਪ੍ਰੈਲ 2020 - ਯੂਕੇ ਤੋਂ ਬਰਨਾਲਾ ਪਰਤ ਕੇ ਬਰਨਾਲਾ ਦੇ ਹਸਪਤਾਲ ਵਿੱਚ ਭਰਤੀ ਹੋਏ ਨੌਜਵਾਨ ਅਤੇ ਉਸ ਦੇ ਪਿਤਾ ਦੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਾਂਚ ਲਈ ਭੇਜ਼ੇ ਸੈਂਪਲਾਂ ਦੀ ਰਿਪੋਰਟ ਹਾਲੇ ਆਈ ਨਹੀਂ ਹੈ। ਜਦੋਂ ਕਿ ਹਸਪਤਾਲ ਵਿੱਚ 3 ਹੋਰ ਨਵੇਂ ਮਰੀਜ਼ ਭਰਤੀ ਹੋ ਗਏ ਹਨ। ਇਨ੍ਹਾਂ ਤਿੰਨੋਂ ਸ਼ੱਕੀ ਮਰੀਜ਼ਾਂ ਦੀ ਹਾਲਤ ਠੀਕ ਹੈ। ਪਰੰਤੂ ਇਨ੍ਹਾਂ ਚੋਂ, ਦੋ ਮੁਸਲਿਮ ਮਰੀਜ਼ਾਂ ਦਾ ਸਬੰਧ ਨਿਜਾਮੂਦੀਨ ਦਿੱਲੀ ਖੇਤਰ ਨਾਲ ਹੈ। ਜਿੱਥੇ ਕੋਰੋਨਾ ਵਾਇਰਸ ਦਾ ਪੌਜੇਟਿਵ ਕੇਸ ਵੀ ਸਾਹਮਣੇ ਆ ਚੁੱਕਾ ਹੈ। ਇਸ ਵਜ੍ਹਾ ਕਰਕੇ ਹੀ ਇੱਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਇਹਤਿਆਤੀ ਤੌਰ 'ਤੇ ਰੱਖਿਆ ਗਿਆ ਹੈ। ਇਨ੍ਹਾਂ ਦੋਵੇਂ ਮਰੀਜ਼ਾਂ ਨੂੰ ਨਿਜਾਮੂਦੀਨ ਦਿੱਲੀ ਤੋਂ ਆਇਆਂ 12 ਦਿਨ ਬੀਤ ਚੁੱਕੇ ਹਨ। ਪਰੰਤੂ ਇਹ ਦੋਵੇਂ ਮਰੀਜ਼ ਮਹਿਲ ਕਲਾਂ ਦੇ ਰਹਿਣ ਵਾਲੇ ਹਨ।
ਇਸ ਤੋਂ ਇਲਾਵਾ ਜਿਸ ਹੋਰ ਔਰਤ ਮਰੀਜ਼ ਨੂੰ ਭਰਤੀ ਕੀਤਾ ਗਿਆ ਹੈ। ਇਹ 15 ਦਿਨ ਪਹਿਲਾਂ ਚੰਡੀਗੜ੍ਹ ਤੋਂ ਬਰਨਾਲਾ ਪਹੁੰਚੀ ਹੈ। ਪਰੰਤੂ ਚੰਡੀਗੜ੍ਹ 'ਚ ਵੀ ਕੋਰੋਨਾ ਦਾ ਪੌਜੇਟਿਵ ਕੇਸ ਮਿਲਿਆ ਹੋਣ ਕਰਕੇ ਇਸ ਨੂੰ ਵੀ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਇਸ ਸਬੰਧੀ ਪੁੱਛਣ ਤੇ ਜਾਣਕਾਰੀ ਦਿੰਦਿਆਂ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਦਿੱਲੀ ਤੋਂ ਆਏ ਮਰੀਜਾਂ ਨੂੰ ਕੋਈ ਜਿਆਦਾ ਤੇਜ਼ ਬੁਖਾਰ, ਖੰਘ ਤੇ ਜੁਕਾਮ ਵੀ ਨਹੀ ਹੈ। ਪਰੰਤੂ ਨਿਜਾਮੂਦੀਨ ਖੇਤਰ ਵਿੱਚ ਰਹਿ ਕੇ ਆਉਣ ਕਰਕੇ ਹੀ ਇੱਨ੍ਹਾਂ ਨੂੰ ਭਰਤੀ ਕਰਕੇ ਜਾਂਚ ਲਈ ਸੈਂਪਲ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਰੀਬ 45 ਕੁ ਵਰ੍ਹਿਆਂ ਦੀ ਔਰਤ ਮਰੀਜ ਨੂੰ ਹਲਕਾ ਬੁਖਾਰ ਤੇ ਖੰਘ ਜਰੂਰ ਹੈ। ਪਰੰਤੂ ਛਾਤੀ ਦੀ ਇਨਫੈਕਸ਼ਨ ਜਿਆਦਾ ਹੈ। ਇਸ ਲਈ ਇਸ ਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਭਰਤੀ ਪਿਉ-ਪੁੱਤ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ। ਪਰੰਤੂ ਰਿਪੋਰਟ ਆਉਣ ਦਾ ਹਾਲੇ ਇੰਤਜ਼ਾਰ ਹੈ। ਡਾਕਟਰ ਕੌਸ਼ਲ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਹੁਣ ਸਮਾਂ ਭੈਅ ਭੀਤ ਹੋਣ ਦੀ ਬਜ਼ਾਏ ਕਰੋਨਾ ਵਾਇਰਸ ਤੋਂ ਬਚਾਉ ਦਾ ਹੈ। ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਤੇ ਹਦਾਇਤਾਂ ਦੀ ਪਾਲਣਾ ਕਰਨਾ ਬੇਹੱਦ ਜਰੂਰੀ ਹੈ। ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਵਾਲੀ ਗੱਲ ਕੋਰੋਨਾ ਵਾਇਰਸ ਤੇ ਪੂਰੀ ਢੁੱਕਦੀ ਹੈ। ਲੋਕਾਂ ਨੂੰ ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਰਹਿਣ ਤੋਂ ਬਿਨਾਂ ਕੋਈ ਦੂਸਰਾ ਬਦਲ ਨਹੀ ਹੈ।