ਮਨਪ੍ਰੀਤ ਸਿੰਘ ਜੱਸੀ
- ਅੰਮ੍ਰਿਤਸਰ ਵਿਚ ਹੁਣ ਤੱਕ 60 ਹਜ਼ਾਰ ਦੇ ਕਰੀਬ ਲੋਕਾਂ ਦੇ ਕੋਵਿਡ ਟੈਸਟ ਹੋਏ
ਅੰਮ੍ਰਿਤਸਰ, 13 ਅਗਸਤ 2020 - ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਦੇਣ ਅਤੇ ਥੋੜਾ ਜਿਹਾ ਸ਼ੱਕ ਪੈਣ ਉਤੇ ਵੀ ਆਪਣਾ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨਾਲ ਰਾਬਤਾ ਕਰਨ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਤੋਂ ਇਲਾਵਾ ਅਸੀਂ ਇਕ ਮੋਬਾਇਲ ਵੈਨ ਪਹਿਲਾਂ ਨਮੂਨੇ ਲੈਣ ਲਈ ਤਿਆਰ ਕਰਵਾਈ ਹੈ ਅਤੇ ਇਕ ਹੋਰ ਵੈਨ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਕਿ ਲੋਕਾਂ ਨੂੰ ਟੈਸਟ ਕਰਵਾਉਣ ਲਈ ਵੀ ਦੂਰ ਨਾ ਜਾਣਾ ਪਵੇ। ਖਹਿਰਾ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿਚ 60 ਹਜ਼ਾਰ ਲੋਕਾਂ ਦੇ ਨਮੂਨੇ ਲੈ ਚੁੱਕੇ ਹਨ। ਇਨ੍ਹਾਂ ਵਿਚੋਂ 2574 ਮਰੀਜ਼ ਪਾਜ਼ਿਟਵ ਆਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ਅਤੇ ਘਰਾਂ ਵਿਚ 514 ਐਕਟਿਵ ਕੇਸ ਹਨ ਅਤੇ ਬਦਕਿਸਮਤੀ ਨਾਲ 101 ਲੋਕਾਂ ਦੀ ਮੌਤ ਬੀਤੀ ਸ਼ਾਮ ਤੱਕ ਹੋਈ ਹੈ।
ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਤੇ ਸਾਡੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਇਸ ਵੇਲੇ ਬਤੌਰ ਨੋਡਲ ਅਫਸਰ ਕੋਵਿਡ-19 ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਡਿਊਟੀ ਇਸੇ ਕੰਮ ਉੱਤੇ ਲਗਾਈ ਹੈ, ਕਿ ਉਹ ਸਿਹਤ ਸਹੂਲਤਾਂ ਦਾ ਬਰਾਬਰ ਜਾਇਜ਼ਾ ਲੈਂਦੇ ਰਹਿਣ, ਤਾਂ ਜੋ ਮਰੀਜ਼ਾਂ ਦੀ ਦੇਖਭਾਲ ਵਿਚ ਰਤੀ ਭਰ ਵੀ ਕੁਤਾਹੀ ਨਾ ਹੋਵੇ। ਖਹਿਰਾ ਨੇ ਕਿਹਾ ਕਿ ਉਕਤ ਬਿਮਾਰੀ ਨਾਲ ਲੜਨ ਲਈ ਜ਼ਰੂਰੀ ਹੈ ਕਿ ਹਰੇਕ ਵਾਸੀ ਮਾਸਕ ਪਾਵੇ, ਹੱਥਾਂ ਦੀ ਸਫਾਈ ਕਰਦਾ ਰਹੇ ਅਤੇ ਆਪਸੀ ਦੂਰੀ ਰੱਖੋ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੱਲਾਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਲਾਪਰਵਾਹੀ ਕਰ ਰਹੇ ਹਾਂ।
ਲੋਕਾਂ ਵਿਚ ਕਿਧਰੇ ਨਾ ਕਿਧਰੇ ਇਹ ਵੀ ਧਾਰਨਾ ਬਣੀ ਹੈ ਕਿ ਇਸ ਬਿਮਾਰੀ ਨਾਲ ਕੁੱਝ ਨਹੀਂ ਹੁੰਦਾ, ਐਂਵੇ ਡਰ ਸੀ। ਉਨ੍ਹਾਂ ਕਿਹਾ ਕਿ ਇਹ ਧਾਰਨਾ ਸ਼ਹਿਰੀ ਤੇ ਪੇਂਡੂ ਦੋਵਾਂ ਪਾਸੇ ਬਣੀ ਹੋਈ ਹੈ, ਪਰ ਇਹ ਉਨਾਂ ਲੋਕਾਂ ਲਈ ਤਾਂ ਸਹੀ ਹੋ ਸਕਦੀ ਹੈ, ਜੋ ਕਿ ਰਿਸ਼ਟ-ਪੁਸ਼ਟ ਹੋਣ ਅਤੇ ਉਨ੍ਹਾਂ ਵਿਚ ਬਿਮਾਰੀ ਦਾ ਲੱਛਣ ਹੀ ਨਾ ਆਵੇ, ਪਰ ਇਹ ਹਲਾਤ ਸਾਰੇ ਮਰੀਜ਼ਾਂ ਉਤੇ ਲਾਗੂ ਨਹੀਂ ਹੁਦੀ। ਹੋ ਸਕਦਾ ਹੈ ਕਿ ਤੁਹਾਡੇ ਘਰ ਕੋਈ ਬਜ਼ੁਰਗ, ਕਿਧਰੇ ਬੱਚਾ, ਹੋਰ ਬਿਮਾਰੀਆਂ ਦਾ ਮਰੀਜ਼ ਹੋਣ, ਜੋ ਤੁਹਾਡੇ ਸੰਪਰਕ ਵਿਚ ਆ ਕੇ ਬਿਮਾਰ ਹੋ ਜਾਣ ਤੇ ਉਨਾਂ ਦੀ ਜਾਨ ਨੂੰ ਖ਼ਤਰਾ ਤੁਹਾਡੇ ਕਰਕੇ ਬਣ ਜਾਵੇ।
ਸੋ, ਕਿਸੇ ਵੀ ਹਾਲਤ ਵਿਚ ਇਸ ਬਿਮਾਰੀ ਨੂੰ ਹਲਕੇ ਵਿਚ ਨਾ ਲਵੋ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਪੱਲੇ ਬੰਨਦੇ ਹੋਏ ਆਪਣੇ ਕੰਮ-ਕਾਰ ਕਰੋ। ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕੋਰੋਨਾ ਦੇ ਨਮੂਨੇ ਲੈਣ ਗਈ ਟੀਮ ਨਾਲ ਲੋਕ ਗਲਤ ਵਿਵਹਾਰ ਕਰਦੇ ਹਨ ਕਿ ਅਸੀਂ ਨਮੂਨਾ ਨਹੀਂ ਦੇਣਾ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਨਮੂਨੇ ਦਿੰਦੇ ਹੋ ਤਾਂ ਤੁਸੀਂ ਬਚ ਸਕਦੇ ਹੋ। ਖਹਿਰਾ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੂੰ ਇਹ ਡਰ ਹੁੰਦਾ ਸੀ ਕਿ ਸਾਨੂੰ ਸ਼ਾਇਦ ਹਸਪਤਾਲ ਨਾ ਲੈ ਜਾਣ, ਪਰ ਹੁਣ ਤਾਂ ਉਹ ਵੀ ਗੱਲ ਨਹੀਂ ਰਹੀ। ਅਸੀਂ ਕੋਵਿਡ ਦੇ ਮਰੀਜ਼ ਨੂੰ ਵੀ ਉਸਦੀ ਸਹੂਲਤ ਲਈ ਘਰ ਵਿਚ ਹੀ ਇਕਾਂਤਵਾਸ ਰੱਖ ਰਹੇ ਹਾਂ, ਪਰ ਜ਼ਰੂਰੀ ਹੈ ਕਿ ਉਹ ਕੇਵਲ ਆਪਣੇ ਕਮਰੇ ਤੱਕ ਹੀ ਸੀਮਤ ਰਹੇ।