ਹਰੀਸ਼ ਕਾਲੜਾ
ਰੂਪਨਗਰ, 09 ਅਪ੍ਰੈਲ 2020 - ਸਿਵਲ ਸਰਜਨ ਰੂਪਨਗਰ ਡਾ.ਐਚ.ਐਨ. ਸ਼ਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦਾ ਅੰਤਮ ਸੰਸਕਾਰ ਕਰਨ ਨਾਲ ਕਿਸੇ ਕਿਸਮ ਦਾ ਕੋਈ ਹੋਰ ਖਤਰਾ ਪੈਦਾ ਨਹੀਂ ਹੁੰਦਾ।ਇੱਥੋ ਤੱਕ ਕਿ ਦੇਹ ਦੀ ਰਾਖ ਤੋਂ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਮ ਸੰਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ । ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਪੋਜੇਟਿਵ ਮ੍ਰਿਤਕ ਦੇ ਸੰਸਕਾਰ ਦੀ ਪੂਰੀ ਪ੍ਰਕਿਰਿਆ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾ ਦਾ ਪਾਲਣ ਕੀਤਾ ਜਾਂਦਾ ਹੈ ।
ਡਾ. ਸ਼ਰਮਾ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫ਼ਾਈ ,ਮਾਸਕ ,ਦਸਤਾਨਿਆਂ ਤੇ ਵਿਸ਼ੇਸ਼ ਕਿੱਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਸੰਸਕਾਰ ਦੀ ਸਾਰੀ ਪ੍ਰਕਿਰਿਆ ਮਾਹਿਰਾਂ ਦੀ ਦੇਖ -ਰੇਖ ਵਿੱਚ ਕੀਤੀ ਜਾਂਦੀ ਹੈ ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਿਸਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜਨਾ,ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਮ ਰਸਮ,ਜਿਸ ਨਾਲ ਸਰੀਰ ਨੂੰ ਛੂਹਣ ਦੀ ਜਰੂਰਤ ਨਹੀਂ ਹੁੰਦੀ ,ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ ਦੁਆਰਾ ਸਧਾਰਣ ਸਾਵਧਾਨੀਆਂ ਵਰਤ ਕੇ) ਖੋਲਣ ਦੀ ਇਜਾਜਤ ਸ਼ਮਸ਼ਾਨ ਘਾਟ ਵਿਖੇ ਦਿੱਤੀ ਜਾ ਸਕਦੀ ਹੈ ।
ਉਨ੍ਹਾਂ ਸਪੱਸ਼ਟ ਕੀਤਾ ਕਿ ਮ੍ਰਿਤਕ ਦੇਹ ਨੂੰ ਨਹਾਉਣ,ਚੁੰਮਣਾ ,ਗਲੇ ਲਗਾਉਣ ਦੀ ਇਜਾਜ਼ਤ ਨਹੀਂ ਹੈ ਅਤੇ ਸੰਸਕਾਰ ਕਰਨ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਮ ਸੰਸਕਾਰ/ਦਫਨਾਉਣ ਤੋਂ ਬਾਅਦ ਹੱਥਾਂ ਦੀ ਸਫਾਈ ਕਰਨੀ ਚਾਹੀਦੀ ਹੈ ।ਇਸ ਤੋਂ ਇਲਾਵਾ ਸ਼ਮਸ਼ਾਨਘਾਟ/ਦਫਨਾਉਣ ਵਾਲੇ ਸਥਾਨ ਤੇ ਵੱਡੇ ਇਕੱਠ ਤੇ ਸਮਾਜਿਕ ਦੂਰੀਆਂ ਦੇ ਉਪਾਅ ਵਜੋਂ ਪਰਹੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ -19 ਦੇ ਫੈਲਣ ਦਾ ਮੁੱਖ ਕਾਰਨ ਡਰਾਪਲੈਟਸ (ਮੂੰਹ ਵਿੱਚੋਂ ਥੁੱਕ ਦੇ ਛਿੱਟੇ) ਅਤੇ ਪ੍ਰਭਾਵਿਤ ਵਿਅਕਤੀ ਨਾਲ ਨੇੜਲਾ ਸੰਪਰਕ ਹੈ ।ਸਿਹਤ ਕਰਮਚਾਰੀਆਂ ਜਾਂ ਪਰਿਵਾਰਕ ਮੈਂਬਰਾਂ ਲਈ ਮ੍ਰਿਤਕ ਦੇਹ ਤੋਂ ਕੋਵਿਡ ਦੀ ਲਾਗ ਦਾ ਵੱਧ ਖਤਰਾ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਮ੍ਰਿਤਕ ਸ਼ਰੀਰ ਨੂੰ ਸੰਭਾਲਦੇ ਹੋਏ ਸਾਰੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ ।ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਕਰਮਚਾਰੀਆਂ ਦੁਆਰਾ ਮਰੀਜ਼ ਦੀ ਲਾਸ਼ ਨੂੰ ਸੰਭਾਲਣ ਵੇਲੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਂਦੀ ਹੈ ।ਸਟੈਂਡਰਡ ਸੰਕਰਮਣ ਰੋਕਥਾਮ ਨਿਯੰਤਰਣ ਵਿਧੀਆਂ ਦਾ ਹਰ ਸਮੇਂ ਪਾਲਣਾ ਕਰਨ ਤਹਿਤ ਹੱਥਾਂ ਦੀ ਸਫਾਈ ,ਨਿੱਜੀ ਸੁਰੱਖਿਆਂ ਉਪਕਰਣਾਂ ਦੀ ਵਰਤੋਂ (ਉਦਾਹਰਣ ਵਜੋਂ,ਵਾਟਰ ਰਜਿਸਟੈਂਟ ਅ੍ਰੈਪਨ,ਦਸਤਾਨੇ,ਮਾਸਕ,ਆਈਵੇਅਰ),ਲਾਸ਼ ਨੂੰ ਰੱਖਣ ਵਾਲੇ ਬੈਗ ਦਾ ਰੋਗਾਣੂ ਮੁਕਤ ਹੋਣਾ,ਰੋਗੀ ਤੇ ਵਰਤੇ ਜਾਣ ਵਾਲੇ ਉਪਕਰਣ ਦਾ ਰੋਗਾਣੂ-ਮੁਕਤ ਕਰਨਾ,ਵਾਤਾਵਰਣ ਨੂੰ ਸਾਫ ਅਤੇ ਕੀਟਾਣੂ-ਰਹਿਤ ਕਰਨਾ ਸ਼ਾਮਲ ਹਨ ।