ਰਜਨੀਸ਼ ਸਰੀਨ
- ਡਾ. ਗੁਰਪਾਲ ਕਟਾਰੀਆਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡਾਂ ’ਚ ਤਾਇਨਾਤ ਮੈਡੀਕਲ ਟੀਮ ਦਾ ਹਿੱਸਾ
ਨਵਾਂਸ਼ਹਿਰ, 7 ਅਪ੍ਰੈਲ 2020 - ਸਿਵਲ ਹਸਪਤਾਲ ਨਵਾਂਸ਼ਹਿਰ ’ਚ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਇਲਾਜ ’ਚ ਲੱਗੀ ਮੈਡੀਕਲ ਟੀਮ ਦਾ ਹਿੱਸਾ ਡਾ. ਗੁਰਪਾਲ ਕਟਾਰੀਆ (ਐਮ ਡੀ ਮੈਡੀਸਨ) ਦੀ ਧੀ ਵਾਨੀਆ ਕਟਾਰੀਆ ਨੂੰ ਆਪਣੇ ਪਿਤਾ ਦੇ ਪੇਸ਼ੇ ’ਤੇ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ।
10 ਵੀਂ ਕਲਾਸ ਦੇ ਇਮਤਿਹਾਨ ਦੇਣ ਬਾਅਦ ਘਰ ਹੀ ਸਮਾਂ ਬਤੀਤ ਕਰ ਰਹੀ ਵਾਨੀਆ ਦੀ ਮਾਤਾ ਵੀ ਹੁਸ਼ਿਆਰਪੁਰ ਜ਼ਿਲ੍ਹੇ ’ਚ ਡੈਂਟਲ ਡਾਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਦੱਸਦੀ ਹੈ ਕਿ ਇਮਤਿਹਾਨ ਖਤਮ ਹੋਣ ਬਾਅਦ ਉਸ ਨਾਲ ਮੰਮਾ-ਪਾਪਾ ਨੇ ਟ੍ਰਿੱਪ ’ਤੇ ਜਾਣ ਦਾ ਵਾਅਦਾ ਕੀਤਾ ਹੋਇਆ ਸੀ ਤੇ ਟਿਕਟਾਂ ਬੁੱਕ ਕਰਵਾਉਣ ਬਾਅਦ ਸਮਾਨ ਦੀ ਪੈਕਿੰਗ ਵੀ ਕੀਤੀ ਹੋਈ ਸੀ ਪਰੰਤੂ ਜਦੋਂ ਉਸ ਦੇ ਪਾਪਾ ਨੇ ਘਰ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ’ਚ ਪਹਿਲਾ ਕੋਵਿਡ-19 ਦਾ ਕੇਸ ਆ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਇਸ ਸੰਕਟ ਕਾਲੀਨ ਸਮੇਂ ’ਚ ਛੁੱਟੀ ’ਤੇ ਜਾਣਾ ਮੁਨਾਸਿਬ ਨਹੀਂ ਤਾਂ ਉਸ ਨੇ ਤੁਰੰਤ ਆਪਣੇ ਪਿਤਾ ਦੀ ਮਾਨਵਤਾ ਦੀ ਸੇਵਾ ਨੂੰ ਪਹਿਲ ਦੇਣ ਦੇ ਫ਼ਰਜ਼ ਨਾਲ ਸਹਿਤਮ ਹੁੰਦਿਆਂ ਘਰ ਰਹਿਣ ਨੂੰ ਤਰਜੀਹ ਦਿੱਤੀ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੇ ਕਿੱਤੇ ਦਾ ਸਤਿਕਾਰ ਕਰਦੀ ਹੈ ਪਰੰਤੂ ਉਸ ਦੀ ਰੁਚੀ ਪ੍ਰਸ਼ਾਸਕੀ ਸੇਵਾਵਾਂ ’ਚ ਜਾਣ ਦੀ ਹੈ।
ਡਾ. ਕਟਾਰੀਆ ਜੋ ਕਿ ਸਥਾਨਕ ਸਿਵਲ ਹਸਪਤਾਲ ’ਚ ਕੋਰੋਨਾ ਵਾਇਰਸ ਪੀੜਤਾਂ ਦੀ ਤੀਮਾਰਦਾਰੀ ’ਚ ਲੱਗੇ ਹੋਏ ਹਨ, ਦਾ ਆਪਣੇ ਪਰਿਵਾਰ ਕੋਲ ਇਸ ਸਖਤ ਡਿਊਟੀ ਦੌਰਾਨ ਥੋੜ੍ਹੇ ਸਮੇਂ ਲਈ ਆਉਣ-ਜਾਣ ਹੁੰਦਾ ਹੋਣ ਕਾਰਨ, ਉਨ੍ਹਾਂ ਦਾ ਪਰਿਵਾਰ ਇਸ ਮੁਸ਼ਕਿਲ ਦੇ ਸਮੇਂ ’ਚ ਉਨ੍ਹਾਂ ਨਾਲ ਪੂਰੀ ਤਰ੍ਹਾਂ ਇੱਕਜੁੱਟ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਜਲੰਧਰ ਸਥਿਤ ਘਰ ਡਿਊਟੀ ਤੋਂ ਕੁੱਝ ਵਿਹਲ ਮਿਲਣ ’ਤੇ ਜਾਂਦੇ ਤਾਂ ਹਨ ਪਰ ਕੋਵਿਡ-19 ਮਰੀਜ਼ਾਂ ਦੇ ਇਲਾਜ ਵਾਲੀ ਟੀਮ ਨਾਲ ਜੁੜੇ ਹੋਣ ਕਾਰਨ, ਪਰਿਵਾਰ ਤੋਂ ਦੂਰੀ ਬਣਾ ਕੇ ਰੱਖਦੇ ਹਨ। ੳਨ੍ਹਾਂ ਨਾਲ ਇਸ ਟੀਮ ’ਚ ਉਨ੍ਹਾਂ ਤੋਂ ਇਲਾਵਾ ਡਾ. ਨਿਰਮਲ ਸਿੰਘ ਐਮ ਡੀ ਮੌਜੂਦ ਹਨ।
ਇਸ ਦੇ ਨਾਲ ਹੀ ਡਾ. ਗੁਰਪਾਲ ਕਟਾਰੀਆ ਜ਼ਿਲ੍ਹੇ ’ਚ ਕੋਵਿਡ-19 ਦੀ ਸੈਂਪਿਲੰਗ ਟੀਮ ’ਚ ਵੀ ਸ਼ਾਮਿਲ ਹਨ, ਜਿਸ ਵਿੱਚ ਉਨ੍ਹਾਂ ਨਾਲ ਡਾ. ਨਿਰਮਲ ਸਿੰਘ ਤੇ ਮਾਈਕ੍ਰੋਬਾਇਓਲੋਜਿਸਟ ਡਾ. ਡਾ. ਰੁਪਿੰਦਰ ਸਿੰਘ ਤੇ ਹੋਰ ਲੈਬ ਸਟਾਫ਼ ਸ਼ਾਮਿਲ ਹੁੰਦਾ ਹੈ।