ਪਦਮ ਸ਼੍ਰੀ ਭਾਈ ਨਿਰਮਲ ਸਿੰਘ ਰਾਗੀ ਦਾ ਅੰਤਮ ਸਸਕਾਰ ਰੋਕਣ ਲਈ ਮੋਹਰੀ ਹੋਣ ਦਾ ਦੋਸ਼
ਨਵਾਂਸ਼ਹਿਰ 06 ਅਪ੍ਰੈਲ 2020 - ਪਦਮਸ੍ਰੀ ਭਾਈ ਨਿਰਮਲ ਸਿੰਘ ਰਾਗੀ ਹੁਰਾਂ ਦਾ ਅੰਤਿਮ ਸਸਕਾਰ ਰੋਕਣ ਕਾਰਨ ਚਰਚਾ 'ਚ ਆਏ ਕੌਂਸਲਰ ਹਰਪਾਲ ਸਿੰਘ ਹੁੰਦਲ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਾਕਮ ਸਿੰਘ, ਆਰਟੀਆਈ ਐਕਟਵਿਸਟ ਪਰਵਿੰਦਰ ਸਿੰਘ ਕਿੱਤਣਾ ਨਵਾਂਸ਼ਹਿਰ, ਕੁਲਦੀਪ ਸਿੰਘ ਖਹਿਰਾ ਲੁਧਿਆਣਾ ਤੇ ਡਾ ਅਮਰਜੀਤ ਸਿੰਘ ਮਾਨ ਸੰਗਰੂਰ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਸਕੱਤਰ ਸਕੂਲ ਸਿੱਖਿਆ ਨੂੰ ਪੱਤਰ ਭੇਜ ਕੇ ਇਸ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਕਤ ਸ਼ਖਸ ਹਰਪਾਲ ਸਿੰਘ ਇੱਕ ਕੌਂਸਲਰ ਨਹੀਂ, ਸਗੋਂ ਇੱਕ ਸਰਕਾਰੀ ਅਧਿਆਪਕ ਹੈ । ਬਲਕਿ ਉਸ ਦੀ ਪਤਨੀ ਮਿਊਂਸੀਪਲ ਕਾਰਪੋਰੇਸ਼ਨ ਸ੍ਰੀ ਅੰਮ੍ਰਿਤਸਰ ਦੀ ਮੈਂਬਰ ਹੈ । ਪਰ ਹਰਪਾਲ ਸਿੰਘ ਵੇਰਕਾ ਹੀ ਉੱਥੇ ਕੌਸਲਰ ਵਜੋਂ ਵਿਚਰ ਰਿਹਾ ਹੈ ਇੱਥੋਂ ਤੱਕ ਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਨੂੰ ਇੰਟਰਵਿਊ ਵੀ ਦੇ ਰਿਹਾ ਹੈ ।
ਸਮਾਜਿਕ ਮੁੱਦਿਆਂ ਤੇ ਕੰਮ ਕਰਨ ਵਾਲੇ ਉਕਤ ਕਾਰਕੁੰਨਾਂ ਨੇ ਹਰਪਾਲ ਸਿੰਘ 'ਤੇ ਪ੍ਰਤੱਖ ਰੂਪ ਚ ਰਾਜਨੀਤੀ ਚ ਭਾਗ ਲੈਣ, ਸਰਕਾਰੀ ਡਿਊਟੀ ਜ਼ਿੰਮੇਵਾਰੀ ਨਾਲ ਨਾ ਨਿਭਾਉਣ, ਕਰੋਨਾ ਬਿਮਾਰੀ ਸਬੰਧੀ ਅਫ਼ਵਾਹਾਂ ਫੈਲਾਉਣ, ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖ਼ਤਰਾ ਪੈਦਾ ਕਰਨ ਅਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ ।
ਪੱਤਰ ਵਿੱਚ ਦੱਸਿਆ ਗਿਆ ਹੈ ਕਿ, "ਹਰਪਾਲ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਸਹਿਜਾਦਾ ਬਲਾਕ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਹੈਡ ਟੀਚਰ ਤਾਇਨਾਤ ਹੈ। ਇਹ ਅਕਸਰ ਆਪਣੇ ਸਕੂਲ ਵਿੱਚ ਨਹੀਂ ਜਾਂਦਾ ਸਗੋਂ ਕਈ ਕਈ ਦਿਨਾਂ ਤੇ ਹਫ਼ਤਿਆਂ ਦੀ ਹਾਜ਼ਰੀ ਇਕੱਠੀ ਲਗਾਉਂਦਾ ਹੈ । ਹਰਪਾਲ ਸਿੰਘ ਦੀ ਪਤਨੀ ਮਿਊਂਸੀਪਲ ਕਾਰਪੋਰੇਸ਼ਨ ਸ੍ਰੀ ਅੰਮ੍ਰਿਤਸਰ ਦੀ ਕੌਂਸਲਰ ਹੈ । ਪਰ ਇਹ ਖੁਦ ਨੁੂੰ ਕੌਂਸਲਰ ਦੱਸਦਾ ਹੈ । ਇਹ ਸਕੂਲ ਜਾ ਕੇ ਸਰਕਾਰੀ ਡਿਊਟੀ ਕਰਨ ਦੀ ਥਾਂ ਰਾਜਸੀ ਗਤੀਵਿਧੀਆਂ ਵਿੱਚ ਭਾਗ ਲੈਣ ਨੂੰ ਪਹਿਲ ਦਿੰਦਾ ਹੈ । ਕਈ ਮੀਡੀਆ ਚੈਨਲਾਂ ਨੂੰ ਦਿੱਤੇ ਇੰਟਰਵਿਊ ਅਤੇ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਇਸ ਗੱਲ ਦਾ ਸਬੂਤ ਹਨ ।
ਇਹ ਵੀ ਪਤਾ ਲੱਗਾ ਹੈ ਕਿ ਹਰਪਾਲ ਸਿੰਘ ਸਰਕਾਰੀ ਅਧਿਕਾਰੀਆਂ, ਰਾਜਸੀ ਆਗੂਆਂ ਤੇ ਹੋਰ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦਾ ਸਕੱਤਰ ਵੀ ਨਿਯੁਕਤ ਹੋ ਗਿਆ । ਰਾਜਨੀਤੀ ਵਿੱਚ ਭਾਗ ਲੈਣਾ ਸਿਵਲ ਸੇਵਾਵਾਂ ਰੂਲਜ਼ ਦੀ ਸਪੱਸ਼ਟ ਉਲੰਘਣਾ ਹੈ । ਮੀਡੀਆ ਚ ਛਪੀ ਖ਼ਬਰ ਮੁਤਾਬਕ ਇਸ ਨੇ ਆਪ ਮੰਨਿਆ ਕਿ ਇਹ ਛੇ ਮਹੀਨੇ ਜੇਲ੍ਹ ਵਿੱਚ ਰਹਿ ਕੇ ਆਇਆ ਸੀ। ਇਹ ਜਾਂਚ ਦਾ ਵਿਸ਼ਾ ਹੈ ਕਿ ਉਸ ਸਮੇਂ ਦੌਰਾਨ ਵਿਭਾਗੀ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਿਆ ਜਾਂ ਨਹੀਂ ।"
ਹਰਪਾਲ ਸਿੰਘ 'ਤੇ ਦੋਸ਼ ਲਗਾਉਂਦਿਆਂ ਦੱਸਿਆ ਗਿਆ ਹੈ ਕਿ 2 ਅਪ੍ਰੈਲ 2020 ਨੂੰ ਜਦੋਂ ਕੋਰੋਨਾ ਵਾਇਰਸ ਕਾਰਨ ਕਰਫਿਊ ਲੱਗਿਆ ਹੋਇਆ ਸੀ ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਰਾਗੀ ਹੋਰਾਂ ਦੀ ਮੌਤ ਹੋ ਗਈ ਸੀ ਤਾਂ ਇਸ ਨੇ ਬਿਨਾਂ ਮਨਜ਼ੂਰੀ ਤੋਂ ਘਰ ਤੋਂ ਬਾਹਰ ਜਾ ਕੇ ਕਰਫਿਊ ਦੀ ਉਲੰਘਣਾ ਕੀਤੀ । ਕੋਰੋਨਾ ਵਾਇਰਸ ਦੀ ਸੰਕਟ ਵਾਲੀ ਸਥਿਤੀ ਵਿੱਚ ਡਿਊਟੀ ਨਿਭਾ ਰਹੇ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕੰਮ ਵਿੱਚ ਵਿਘਨ ਪਾਇਆ । ਸਸਕਾਰ ਉਪਰੰਤ ਬਿਮਾਰੀ ਫੈਲਣ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਈਆਂ । ਕੁਝ ਹੋਰ ਲੋਕਾਂ ਨੂੰ ਸਸਕਾਰ ਰੋਕਣ ਲਈ ਉਕਸਾਇਆ ਤੇ ਸਾਰੇ ਜੁਰਮਾਂ ਦੇ ਭਾਗੀਦਾਰ ਬਣਾਇਆ ।ਕੁਝ ਵਿਅਕਤੀਆਂ ਨਾਲ ਵਿਤਕਰਾ ਕੀਤਾ ਤੇ ਉਨ੍ਹਾਂ ਨੂੰ ਸਰਵਜਨਿਕ ਸਥਾਨ ਤੇ ਜਾਣ ਤੋਂ ਰੋਕਿਆ ਅਤੇ ਸਦਭਾਵਨਾ ਤੇ ਭਾਈਚਾਰਕ ਸਾਂਝ ਵਾਲਾ ਸਮਾਜਿਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ।ਇਨ੍ਹਾਂ ਜੁਰਮਾਂ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੀ ਮਾਨਹਾਨੀ /ਬੇਇਜ਼ਤੀ ਹੋਈ ।
ਇਹ ਵੀ ਦੋਸ਼ ਲਗਾਏ ਹਨ ਕਿ ਹਰਪਾਲ ਸਿੰਘ ਅਕਸਰ ਹੀ ਰਾਜਸੀ ਪ੍ਰਭਾਵ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਬਹੁਤ ਘਟੀਆ ਵਰਤਾਓ ਕਰਦਾ ਹੈ। ਇਹ ਹੀ ਕਾਰਨ ਹੈ ਕਿ ਇਸ ਦੇ ਖਿਲਾਫ ਕਈ ਸ਼ਿਕਾਇਤਾਂ ਹੋਣ ਦੇ ਬਾਵਜੂਦ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਹਰਪਾਲ ਸਿੰਘ ਨੂੰ ਤੁਰੰਤ ਸਰਕਾਰੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਰਾਜਨੀਤੀ ਚ ਭਾਗ ਲੈਣ ਦੇ ਸਮੇਂ ਤੋਂ ਇਸ ਵਲੋਂ ਲਈ ਗਈ ਤਨਖਾਹ ਦੀ ਰਾਸ਼ੀ ਵਾਪਸ ਲਈ ਜਾਵੇ ।ਸਰਕਾਰੀ ਅਹੁਦੇ ਦੀ ਦੁਰਵਰਤੋਂ ਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਕਾਰਨ ਇਸ 'ਤੇ ਐੱਫ ਆਈ ਆਰ ਦਰਜ ਕਰਵਾਈ ਜਾਵੇ ।ਮਿਊਂਸੀਪਲ ਕਾਰਪੋਰੇਸ਼ਨ ਸ੍ਰੀ ਅੰਮ੍ਰਿਤਸਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਇਹ ਆਪਣੀ ਪਤਨੀ ਦੀ ਥਾਂ 'ਤੇ ਕੋਈ ਵੀ ਕੰਮ ਨਾ ਕਰ ਸਕੇ ।
ਇਹ ਵੀ ਲਿਖਿਆ ਗਿਆ ਹੈ ਕਿ ਦਰਖਾਸਤ ਪੰਜਾਬ ਦਾ ਭਲਾ ਚਾਹੁਣ ਵਾਲੇ ਕਈ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਦਿੱਤੀ ਜਾ ਰਹੀ ਹੈ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਵੀ ਕੀਤੀ ਜਾਵੇਗੀ ।
ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਮੁੱਖ ਮੰਤਰੀ ਦਫਤਰ ਨੇ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪ੍ਰਿੰਸੀਪਲ ਸਕੱਤਰ ਅਤੇ ਸਕੱਤਰ ਸਕੂਲ ਸਿੱਖਿਆ ਨੂੰ ਅੱਗੇ ਕਾਰਵਾਈ ਲਈ ਭੇਜ ਦਿੱਤੀ ਹੈ ।