ਜੀ ਐਸ ਪੰਨੂ
ਪਟਿਆਲਾ, 4 ਅਪ੍ਰੈਲ 2020 - ਕੋਰੋਨਾ ਜਾਂਚ ਲਈ ਲਏ ਗਏ ਸਾਰੇ ਸੈਂਪਲ ਆਏ ਨੈਗਟਿਵ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਛੇ ਮਰੀਜਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲੈ ਕੇ ਭੇਜੇ ਗਏ ਸਨ ਜੋ ਕਿ ਸਾਰੇ ਹੀ ਨੈਗਟਿਵ ਆਏ ਹਨ। ਜਿਹਨਾਂ ਵਿਚੋ 2 ਭਾਦਸੋਂ ਬਲਾਕ, 2 ਕੋਲੀ ਬਲਾਕ , ਇੱਕ ਰਾਜਪੂਰਾ ਅਤੇ ਇੱਕ ਪਟਿਆਲਾ ਸ਼ਹਿਰੀ ਨਾਲ ਸਬੰਧਤ ਹੈ।
ਤਬਲੀਕੀ ਜਮਾਤ ਦੇ ਦਿੱਲੀ ਤੋਂ ਪਰਤੇ ਲੋਕਾਂ ਦੀ ਪੜਤਾਲ ਸਬੰਧੀ ਉਹਨਾਂ ਦੱਸਿਆਂ ਕਿ ਬੀਤੇ ਦਿਨੀਂ ਪੁਲਿਸ ਵਿਭਾਗ ਵੱਲੋ ਮੋਬਾਇਲ ਫੋਨ ਦੀ ਸੂਚਨਾ ਤੋਂ ਇੱਕਤਰ ਜਾਣਕਾਰੀ ਰਾਹੀ ਪਟਿਆਲਾ ਦੇ 13 ਅਜਿਹੇ ਵਿਅਕਤੀਆਂ ਦੀ ਸੂਚੀ ਪ੍ਰਾਪਤ ਹੋਈ ਸੀ ਜੋ ਕਿ ਬੀਤੇ ਸਮੇਂ ਮਰਕਜ ਦੇ ਦਿਨਾਂ ਦੌਰਾਨ ਨਿਜਾਮੂਦੀਨ ਜਾਂ ਉਸ ਦੇ ਆਸ ਪਾਸ ਦੇ ਏਰੀਏ ਵਿਚ ਗਏ ਹੋਏ ਸਨ ਉਹਨਾਂ ਸਾਰਿਆਂ ਵਿਅਕਤੀਆਂ ਨਾਲ ਜਿਲ੍ਹਾ ਸਿਹਤ ਵਿਭਾਗ ਵੱਲੋ ਸੰਪਰਕ ਕਰਨ 'ਤੇ ਉਹਨਾਂ ਵਿਚੋ ਕੋਈ ਵੀ ਅਜਿਹਾ ਵਿਅਕਤੀ ਨਹੀ ਪਾਇਆ ਗਿਆ ਜੋ ਕਿ ਮਰਕਜ ਵਿਚ ਸ਼ਾਮਲ ਹੋਇਆ ਹੋਵੇ ਪ੍ਰੰਤੂ ਫਿਰ ਵੀ ਪ੍ਰਤਾਪ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਜੋ ਕਿ ਨਿਜਾਮੂਦੀਨ ਕਿਸੇ ਹੋਰ ਕੰਮ ਲਈ ਜਾਣ ਸਬੰਧੀ ਜਾਣਕਾਰੀ ਦੇ ਰਿਹਾ ਸੀ ਦਾ ਇਤਿਹਾਤਨ ਤੌਰ 'ਤੇ ਉਸ ਦਾ ਕੋਰੋਨਾ ਜਾਂਚ ਲਈ ਸੈਂਪਲ ਲਿਆ ਗਿਆ ਹੈ ਜਿਸਦੀ ਰਿਪੋਰਟ ਅਜੇ ਆਵੇਗੀ। ਇਸ ਦੇ ਨਾਲ ਹੀ ਕੁੱਝ ਵਿਅਕਤੀਆਂ ਨੂੰ ਘਰ ਵਿਚ ਹੀ ਚੌਦਾਂ ਦਿਨਾ ਲਈ ਕੁਆਰਨਟੀਨ ਰਹਿਣ ਲਈ ਕਿਹਾ ਗਿਆ ਹੈ ਅਤੇ ਸਿਹਤ ਟੀਮਾਂ ਵੱਲੋ ਇਹਨਾਂ ਦੀ ਨਿਗਾਰਨੀ ਕੀਤੀ ਜਾਵੇਗੀ।
ਜਿਲ੍ਹਾ ਸਿਹਤ ਵਿਭਾਗ ਵੱਲੋ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ ਦੇ ਹਸਪਤਾਲ ਨੂੰ ਵੀ 40 ਬੈਡ ਦੀ ਕੁਆਰਨਟੀਨ ਫੈਸਿਲਟੀ ਵਿਚ ਤਬਦੀਲ ਕੀਤਾ ਗਿਆ ਹੈ ਜਿਸ ਦੇ ਪ੍ਰਬੰਧਾ ਨੂੰ ਦੇਖਣ ਲਈ ਏ.ਡੀ.ਜੀ.ਪੀ. ਕੰਮਾਡੋ ਰਾਕੇਸ਼ ਚੰਦਰਾ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਅਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਆਪਣੀ ਟੀਮ ਨਾਲ ਦੌਰਾ ਕੀਤਾ। ਉਹਨਾਂ ਦੱਸਿਆ ਕਿ ਲੋੜ ਪੈਣ 'ਤੇ ਇਸ ਹਸਪਤਾਲ ਨੂੰ ਕੋਰੋਨਾ ਪਾਜ਼ੀਟਿਵ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਅੱਲਗ ਰੱਖਣ ਲਈ ਵਰਤਿਆ ਜਾਵੇਗਾ।ਇਸ ਮਗਰੋ ਹਸਪਤਾਲ ਦੇ ਡਾਕਟਰਾ, ਪੈਰਾ ਮੈਡੀਕਲ ਸਟਾਫ ਅਤੇ ਸਹਾਇਕਾ ਨੂੰ ਡਾ. ਸੁਮੀਤ ਸਿੰਘ ਵੱਲੋ ਇਸ ਬਣਾਈ ਗਈ ਫੈਸਿਲਟੀ ਵਿਚ ਦਿੱਤੀਆਂ ਜਾਣ ਵਾਲੀਆ ਸੇਵਾਂਵਾ ਅਤੇ ਕੋਰੋਨਾ ਤੋਂ ਬਚਾਅ ਸਬੰਧੀ ਟਰੇਨਿੰਗ ਦਿੱਤੀ ਗਈ।