ਅੰਮ੍ਰਿਤਸਰ, 7 ਅਪ੍ਰੈਲ 2020 - ਖਾਲਸਾ ਸਾਜਨਾ ਦਿਵਸ (ਵਿਸਾਖੀ) 13 ਅਪ੍ਰੈਲ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਰਬੱਤ ਖਾਲਸਾ ਵੱਲੋਂ ਨਾਮਜ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਜਿੱਥੇ ਇਹ ਪਵਿੱਤਰ ਦਿਹਾੜਾ ਸਮੁੱਚੀ ਕੌਮ ਨੂੰ ਆਪਣੀ ਵਿਲੱਖਣ ਅਤੇ ਆਜ਼ਾਦ ਹੋਂਦ ਦਾ ਅਹਿਸਾਸ ਦ੍ਰਿੜ੍ਹ ਕਰਾਉਂਦਾ ਹੈ ਉੱਥੇ ਸਾਨੂੰ ਸਰਬੱਤ ਦੇ ਭਲੇ ਲਈ ਸਦੀਵੀ ਤੌਰ 'ਤੇ ਕਾਰਜਸ਼ੀਲ ਹੋਣ ਦੀ ਪ੍ਰੇਰਨਾ ਦਿੰਦਾ ਹੈ।
ਵਿਸ਼ਵ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਇਸ ਸਾਲ ਸੰਗਤਾਂ ਦਾ ਇਕੱਠ ਕਰਨਾ ਸੰਭਵ ਨਹੀਂ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾ- ਕੋਰੋਨਾ ਕਰਦੇ ਅਸੀਂ ਮੂਲ ਤੋਂ ਟੁੱਟ ਕੇ ਬਿਪਰਵਾਦੀ ਸੋਚ 'ਤੇ ਚੱਲਦਿਆਂ ਮੋਮਬੱਤੀਆਂ ਤੱਕ ਸੀਮਤ ਹੋ ਜਾਈਏ।
ਖਾਲਸਾ ਜੀ ਇਹ ਨਾ ਭੁੱਲੀਏ ਕਿ ਗੁਰੂ ਦੇ ਖੰਡੇ ਬਾਟੇ ਦੀ ਪਾਹੁਲ ਸਾਨੂੰ ਦੁੱਖ ਸੁੱਖ ਵੇਲੇ ਆਪਾਂ ਵਾਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਲਈ ਖਾਲਸਾ ਸਾਜਨਾ ਦਿਵਸ (13 ਅਪ੍ਰੈਲ) ਵਾਲੇ ਦਿਨ ਖਾਲਸਾਈ ਉਤਸ਼ਾਹ ਅਤੇ ਜਜਬੇ ਨੂੰ ਬੁਲੰਦ ਰੱਖਣ ਲਈ ਸਮੁੱਚਾ ਖਾਲਸਾ ਪੰਥ ਆਪਣੇ ਆਪਣੇ ਘਰਾਂ ਤੇ ਖਾਲਸਾਈ ਝੰਡੇ ਝੁਲਾਵੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਧਿਆਨ ਧਰਦੇ ਹੋਏ ਚੌਪਈ ਸਾਹਿਬ ਦੇ ਪਾਠ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ, ਨਿਆਰੇਪਨ, ਆਜ਼ਾਦ ਹਸਤੀ ਅਤੇ ਸਮੁੱਚੀ ਮਾਨਵਤਾ ਨੂੰ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਮੁਕਤ ਕਰਨ ਲਈ ਅਰਦਾਸ ਕਰੇ।