ਲੋਕੇਸ਼ ਰਿਸ਼ੀ
ਗੁਰਦਾਸਪੁਰ, 31 ਜੁਲਾਈ 2020 - ਸਥਾਨਕ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਲੱਖ ਦਾਅਵਿਆਂ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੀ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜ਼ਿਲ੍ਹੇ ਅੰਦਰ ਮੌਜੂਦਾ ਪੰਜਾਬ ਸਰਕਾਰ ਦੇ 2 ਕੈਬਿਨੇਟ ਮੰਤਰੀ, 1 ਮੰਤਰੀ ਅਤੇ ਇੱਕ ਕਾਂਗਰਸੀ ਰਾਜ-ਸਭਾ ਮੈਂਬਰ ਹੋਣ ਦੇ ਬਾਵਜੂਦ ਜ਼ਿਲ੍ਹੇ ਦਾ ਇਹ ਹਾਲ ਹੈ।
ਜੇਕਰ ਸਿਰਫ਼ ਪਿਛਲੇ ਕੁੱਝ ਦਿਨਾਂ ਦੀ ਜ਼ਿਲ੍ਹੇ ਅੰਦਰ ਕੋਰੋਨਾ ਦੇ ਫੈਲਾਅ ਦੀ ਸਥਿਤੀ ਉੱਪਰ ਝਾਤ ਮਾਰੀ ਜਾਵੇ ਤਾਂ 22 ਜੁਲਾਈ ਨੂੰ 3 ਕੋਰੋਨਾ ਮਰੀਜ਼ ਸਾਹਮਣੇ ਆਏ ਜਦੋਂ ਕਿ ਇੱਕ ਮਰੀਜ਼ ਦੀ ਮੌਤ ਹੋ ਗਈ, ਇਸੇ ਤਰਾਂ 23 ਜੁਲਾਈ ਨੂੰ 17, 24 ਜੁਲਾਈ ਨੂੰ 6, 25 ਜੁਲਾਈ ਨੂੰ 18, 26 ਜੁਲਾਈ ਨੂੰ ਇੱਕ ਮੌਤ, 27 ਜੁਲਾਈ ਨੂੰ 51 ਪੀੜਤ, 28 ਜੁਲਾਈ ਨੂੰ 23, 29 ਜੁਲਾਈ ਨੂੰ 33 ਪੀੜਤਾਂ ਸਾਹਮਣੇ ਅਤੇ 1 ਮਰੀਜ਼ ਦੀ ਮੌਤ ਹੋ ਗਈ ਜਦੋਂ ਕਿ 30 ਜੁਲਾਈ ਨੂੰ 6 ਅਤੇ 31 ਜੁਲਾਈ ਸ਼ੁੱਕਰਵਾਰ ਨੂੰ 23 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਪਾਈ ਜਾ ਚੁੱਕੀ ਹੈ।
ਬਹੁਤੇ ਲੰਮੇ ਹਿਸਾਬ ਕਿਤਾਬ ਵੱਲ ਨਾ ਜਾਂਦਿਆਂ ਸਿਹਤ ਵਿਭਾਗ ਮੁਤਾਬਿਕ ਜ਼ਿਲ੍ਹੇ ਭਰ ਵਿਖੇ ਕੋਰੋਨਾ ਪੀੜਿਤ ਮਰੀਜ਼ਾਂ ਦੀ ਤਾਦਾਦ 349 ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਹੁਣ ਤੱਕ ਇਸ ਨਾ ਮੁਰਾਦ ਬਿਮਾਰੀ ਨਾਲ 19 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਦੇ ਬਾਵਜੂਦ 40 ਦੇ ਕਰੀਬ ਅਜਿਹੇ ਮਰੀਜ਼ ਵੀ ਹਨ ਜਿਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਨਾ ਹੋਣ ਜਾਂ ਘੱਟ ਲੱਛਣ ਹੋਣ ਕਾਰਨ ਉਨ੍ਹਾਂ ਨੂੰ ਘਰਾਂ ਵਿਖੇ ਇਕਾਂਤ ਵਾਸ ਕੀਤਾ ਗਿਆ ਹੈ।
ਉਪਰੋਕਤ ਮਾਮਲੇ ਦੇ ਸਬੰਧ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਵਾਇਰਸ ਦੇ 30734 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 29062 ਨੈਗਵਿਟ, 525 ਪੋਜਟਿਵ ਮਰੀਜ਼ ਅਤੇ 1251 ਸੈਂਪਲ ਪੈਂਡਿੰਗ ਹਨ । ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਖੇ 12, ਬਟਾਲਾ ਵਿਖੇ 34, ਧਾਰੀਵਾਲ ਵਿਖੇ 09, ਬੇਅੰਤ ਕਾਲਜ ਵਿਖੇ 11, ਤਿੱਬੜੀ ਕੈਂਟ ਵਿਖੇ 01, ਅੰਮ੍ਰਿਤਸਰ ਵਿਖੇ 18, ਲੁਧਿਆਣਾ ਵਿਖੇ 03, ਜਲੰਧਰ ਵਿਖੇ 01, ਮੋਹਾਲੀ ਵਿਖੇ 02, ਪੀ.ਜੀ.ਆਈ ਵਿਖੇ 01, ਪਟਿਆਲਾ ਵਿਖੇ 01, 41 ਮਰੀਜ਼ ਨੂੰ ਦਾਖਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ 19 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 39 ਪੀੜਤ ਜੋ ਲੱਛਣ ਰਹਿਤ ਜਾਂ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ਇਕਾਂਤਵਾਸ ਕੀਤਾ ਗਿਆ ਹੈ।ਜ਼ਿਲ੍ਹੇ ਵਿਚ 154 ਐਕਟਿਵ ਕੋਰੋਨਾ ਪੀੜਤ ਹਨ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ 326 ਵਿਅਕਤੀਆਂ ਨੇ ਫ਼ਤਿਹ ਹਾਸਿਲ ਕਰ ਲਈ ਹੈ,ਇਨ੍ਹਾਂ ਵਿਚ 287 ਪੀੜਤ ਠੀਕ ਹੋਏ ਹਨ ਅਤੇ 91 ਪੀੜਤ ਨੂੰ ਡਿਸਚਾਰਜ ਕਰਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ।