ਪਰਵਿੰਦਰ ਸਿੰਘ ਕੰਧਾਰੀ
– ਘਟੀਆ ਇਲਾਜ ਪ੍ਰਬੰਧਾਂ ਸਬੰਧੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ
ਫਰੀਦਕੋਟ, 26 ਅਗਸਤ 2020 - ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਬਣੇ ਆਈਸੋਲੇਸ਼ਨ ਵਾਰਡ ਵਿੱਚ ਮਰੀਜ਼ਾਂ ਦੀ ਹੋ ਰਹੀ ਦੁਰਗਤੀ ਅਤੇ ਘਟੀਆ ਇਲਾਜ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਉਨਾ ਦੋਸ਼ ਲਗਾਇਆ ਕਿ ਇਸ ਹਸਪਤਾਲ ਦੇ ਕਰੋਨਾ ਆਈਸੋਲੇਸ਼ਨ ਵਾਰਡ ਵਿੱਚ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਬਹੁਤ ਹੀ ਘਟੀਆ ਮੈਡੀਕਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਦੋਸ਼ ਲਗਾਇਆ ਕਿ ਉਨਾ ਨੂੰ ਰੋਜ਼ਾਨਾ ਹੀ ਜ਼ਿਲੈ ਦੇ ਵੱਖ ਵੱਖ ਸਥਾਨਾਂ ਤੋਂ ਫੋਨ ਆਉਂਦੇ ਹਨ ਕਿ ਉਨਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਨਾਂ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ।ਜਿਸ ਕਾਰਨ ਉਨਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨਾ ਕਿਹਾ ਕਿ ਇੱਥੋਂ ਦੇ ਘਟੀਆ ਇਲਾਜ ਪ੍ਰਬੰਧਾਂ ਕਾਰਨ ਹੀ ਲੋਕ ਸਿਹਤ ਵਿਭਾਗ ਵੱਲੋਂ ਬਣਾਏ ਫ਼ਰੀਦਕੋਟ ਦੇ ਦੂਜੇ ਆਈਸੋਲੇਸ਼ਨ ਵਾਰਡਾਂ ਵਿੱਚ ਆਪਣਾ ਇਲਾਜ ਕਰਵਾਉਣਾ ਪਸੰਦ ਕਰਦੇ ਹਨ । ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਦੇਸ਼ ਇੰਸਟੀਚਿਊਟ ਸਾਦਿਕ ਰੋਡ ਵਿਖੇ ਸਥਾਪਤ ਕੀਤੇ ਗਏ ਕਰੋਨਾ ਕੇਅਰ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਹੈ ,ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਕਰੋਨਾ ਦੇ ਮਰੀਜਾਂ ਦਾ ਇਲਾਜ਼ ਨਾ ਹੋਣ ਜਾਂ ਘਟੀਆ ਇਲਾਜ ਪ੍ਰਬੰਧਾਂ ਬਾਰੇ ਉਨਾ ਨੂੰ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਫੋਨ ਆਉਂਦੇ ਹਨ । ਘਟੀਆ ਪ੍ਰਬੰਧਾਂ ਕਾਰਨ ਜਿੱਥੇ ਡਾਕਟਰਾਂ ਸਮੇਤ ਹੋਰ ਕਰਮਚਾਰੀਆਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ। ਜਿਸ ਵੱਲ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਮੀਡਿਆ ਵਿਚ ਖੋਖਲੇ ਦਾਅਵੇ ਕੀਤੇ ਜਾ ਰਹੇ ਹਨ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਆਪਣਾ ਫਰਜ਼ ਨਿਭਾਉਣਾ ਚਾਹੁੰਦੇ ਹਨ, ਪਰ ਪ੍ਰਬੰਧਾਂ ਦੀ ਘਾਟ ਕਾਰਨ ਉਹ ਇਸ ਸੰਕਟ ਦੀ ਘੜੀ ਦੇ ਵਿੱਚ ਕਰੋਨਾ ਮਰੀਜ਼ਾਂ ਦਾ ਇਲਾਜ ਸਹੀ ਢੰਗ ਨਾਲ ਨਹੀਂ ਕਰ ਸਕਦੇ ।ਉਨ•ਾਂ ਕਿਹਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਦੀ ਇਸ ਵੱਡੀ ਅਣਗਹਿਲੀ ਸਬੰਧੀ ਮੁੱਖ ਮੰਤਰੀ ਕੋਲ ਸ਼ਿਕਾਇਤ ਕਰਨਗੇ ਅਤੇ ਉਨਾ ਨੂੰ ਇਸ ਸਬੰਧੀ ਜਾਂਚ ਲਈ ਪੱਤਰ ਵੀ ਲਿਖਣਗੇ। ਸ: ਕਿੱਕੀ ਢਿੱਲੋਂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਮੈਡੀਕਲ ਕਾਲਜ ਵਿੱਚ ਕਰੋਨਾ ਸੰਕਟ ਦੌਰਾਨ ਕੀਤੀ ਜਾ ਰਹੀ ਭਰਤੀ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਕਨਸੋਆਂ ਮਿਲ ਰਹੀਆਂ ਹਨ ,ਜਿਸ ਸਬੰਧੀ ਸਰਕਾਰ ਵੱਲੋਂ ਜਾਂਚ ਕਰਵਾਈ ਜਾਵੇਗੀ ਉਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸੇ ਪੱਧਰ ਤੇ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।