- ਸੂਬੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81 ਫੀਸਦ
ਚੰਡੀਗੜ੍ਹ, 29 ਸਤੰਬਰ 2020 - ਲੋਕਾਂ ਨੂੰ ਕੋਰੋਨਾ ਟੈਸਟ ਲਈ ਅੱਗੇ ਆਉਣ ਅਤੇ ਘਰੇਲੂ ਇਕਾਂਤਵਾਸ ਵਿਚ ਕੋਵਿਡ-19 ਸਬੰਧੀ ਇਲਾਜ ਲੈਣ ਲਈ ਉਤਸ਼ਾਹਿਤ ਕਰਦਿਆਂ ਪੰਜਾਬ ਸਰਕਾਰ ਨੇ ਬਜ਼ੁਰਗਾਂ ਅਤੇ ਸਹਿ-ਰੋਗ ਵਾਲੇ ਵਿਅਕਤੀਆਂ ਨੂੰ ਮੈਡੀਕਲ ਪ੍ਰੋਟੋਕੋਲ ਦੇ ਅਨੁਸਾਰ ਘਰੇਲੂ ਇਕਾਂਤਵਾਸ ਦੀ ਚੋਣ ਕਰਨ ਦੀ ਆਗਿਆ ਦੇ ਕੇ ਘਰੇਲੂ ਇਕਾਂਤਵਾਸ ਨੂੰ ਕਾਫ਼ੀ ਸੁਖਾਲਾ ਬਣਾ ਦਿੱਤਾ ਹੈ।ਸੂਬੇ ਵਿੱਚ ਹੁਣ ਤੱਕ ਤਕਰੀਬਨ 47,502 ਮਰੀਜ਼ ਸਿਹਤਯਾਬ ਹੋਏ ਹਨ ਅਤੇ 10,006 ਘਰੇਲੂ ਇਕਾਂਤਵਾਸ ਅਧੀਨ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਕੋਰੋਨਵਾਇਰਸ ਦੇ ਫੈਲਾਅ ’ਤੇ ਕਾਬੂ ਪਾਉਣ ਲਈ ਵਧੀਆ ਕੰਮ ਕਰ ਰਿਹਾ ਹੈ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81 ਫੀਸਦ ਤੱਕ ਪਹੁੰਚ ਗਈ ਹੈ।
ਕੋਵਿਡ-19 ਦੇ ਮਾਮਲਿਆਂ ਵਿੱਚ 19 ਸਤੰਬਰ ਤੋਂ ਨਿਰੰਤਰ ਗਿਰਾਵਟ ਦਰਜ ਕੀਤੀ ਗਈ ਹੈ ਜੋ 2696 ਤੋਂ ਘਟ ਕੇ 21 ਸਤੰਬਰ ਨੂੰ 1411, 24 ਸਤੰਬਰ ਨੂੰ 1711, 28 ਸਤੰਬਰ ਨੂੰ 1269 ਅਤੇ 29 ਸਤੰਬਰ ਨੂੰ 1100 ਰਹਿ ਗਏ।
ਉਨਾਂ ਕਿਹਾ ਕਿ ਲੋਕ ਹੁਣ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰ ਰਹੇ ਹਨ ਅਤੇ ਉਹ ਆਪਣੀ ਇੱਛਾ ਨਾਲ ਸਰਕਾਰੀ ਹਸਪਤਾਲਾਂ ਦੇ ਟੈਸਟਿੰਗ ਕਾਰਨਰਾਂ ਵਿੱਚ ਜਾ ਰਹੇ ਹਨ।। ਉਨਾਂ ਕਿਹਾ ਕਿ ਜ਼ਿਆਦਾਤਰ ਪੰਚਾਇਤਾਂ ਨੇ ਸਰਕਾਰ ਦੀ ਨੀਤੀ ਅਤੇ ਰਣਨੀਤੀ ਦੇ ਸਮਰਥਨ ਵਿੱਚ ਮਤੇ ਵੀ ਪਾਸ ਕੀਤੇ ਹਨ ਅਤੇ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸਿਹਤ ਵਿਭਾਗ ਦੁਆਰਾ ਬੇਨਤੀ ਕੀਤੇ ਜਾਣ ਉਪਰੰਤ ਉਹਨਾਂ ਨੇ ਸਕਰੀਨਿੰਗ ਅਤੇ ਟੈਸਟਿੰਗ ਲਈ ਪਿੰਡਾਂ ਵਿੱਚ ਆਉਣ ਵਾਲੀਆਂ ਮੈਡੀਕਲ ਟੀਮਾਂ ਨੂੰ ਸਮਰਥਨ ਦਿੱਤਾ ਹੈ।
ਸਿੱਧੂ ਨੇ ਕਿਹਾ ਕਿ ਨਮੂਨੇ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਮੁਸ਼ਕਿਲ ਰਹਿਤ ਬਣਾਉਣ ਲਈ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵਾਕ-ਇਨ ਟੈਸਟਿੰਗ ਕਾਰਨਰ ਸਥਾਪਤ ਕੀਤੇ ਗਏ ਹਨ ਅਤੇ ਇਹ ਹਦਾਇਤ ਕੀਤੀ ਗਈ ਹੈ ਕਿ ਟੈਸਟਿੰਗ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਉਡੀਕ ਦਾ ਸਮਾਂ 15 ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 18,10,086 ਕੋਰੋਨਾ ਟੈਸਟ ਕੀਤੇ ਗਏ ਹਨ ਅਤੇ ਮੌਜੂਦਾ ਸਮੇਂ ਸਿਰਫ਼ 16,824 ਐਕਟਿਵ ਕੇਸ ਹਨ।