ਚੰਡੀਗੜ੍ਹ 'ਚ ਕਿਤਾਬਾਂ ਦੀਆਂ ਦੁਕਾਨਾਂ ਵਾਸਤੇ ਓਡ ਈਵਨ ਫਾਰਮੂਲਾ ਕੀਤਾ ਖਤਮ
ਚੰਡੀਗੜ੍ਹ, 5 ਮਈ, 2020 : ਚੰਡੀਗੜ੍ਹ ਪ੍ਰਸ਼ਾਸਨ ਨੇ ਕਿਤਾਬਾਂ ਵਾਲੀਆਂ ਦੁਕਾਨਾਂ ਨੂੰ ਖੋਲਣ ਵਾਸਤੇ ਤੈਅ ਕੀਤਾ ਓਡ ਈਵਨ ਫਾਰਮੂਲਾ ਖਤਮ ਕਰ ਦਿੱਤਾ ਹੈ ਤੇ ਹੁਣ ਸਾਰੀਆਂ ਕਿਤਾਬਾਂ ਵਾਲੀਆਂ ਦੁਕਾਨਾ ਖੁਲ ਸਕਣਗੀਆਂ। ਇਹ ਫੈਸਲਾ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵੱਲੋਂ ਲਈ ਗਈ ਮੀਟਿੰਗ ਵਿਚ ਕੀਤਾ ਗਿਆ।
ਇਸ ਮੀਟਿੰਗ ਵਿਚ ਸਲਾਹਕਾਰ ਮਨੋਜਾ ਪਰੀਦਾ ਸਮੇਤ ਸਾਰੇ ਸੀਨੀਅਰ ਅਫਸਰ ਸ਼ਾਮਲ ਸਨ।
ਮੀਟਿੰਗ ਵਿਚ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ ਚੰਡੀਗੜ੍ਹ ਦੇ ਵਸਨੀਕਾਂ ਨੇ ਕੁੱਲ ਮਿਲਾ ਕੇ ਪ੍ਰਸ਼ਾਸਨ ਵੱਲੋਂ ਸੋਸ਼ਲ ਡਿਸਟੈਂਸਿੰਗ, ਹੱਥ ਧੋਣ ਤੇ ਮਾਸਕ ਪਹਿਨਣ ਬਾਰੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਹੈ। ਇਹ ਵੀ ਕਿਹਾ ਗਿਆ ਕਿ ਲਾਕ ਡਾਊਨ ਵਿਚ ਛੋਟ ਦਾ ਮਕਸਦ ਦਿਹਾੜੀਦਾਰਾਂ ਨੂੰ ਆਮਦਨ ਦਾ ਮੌਕਾ ਦੇਣਾ ਹੈ।
ਪ੍ਰਸ਼ਾਸਨ ਨੇ ਇਹ ਵੀ ਫੈਸਲਾ ਕੀਤਾ ਕਿ ਖਪਤਕਾਰਾਂ ਵੱਲੋਂ ਪ੍ਰਾਪਰਟੀ ਟੈਕਸ, ਪਾਣੀ ਦੇ ਬਿੱਲ ਆਦਿ ਅਦਾ ਕਰਨ ਲਈ ਅੰਤਿਮ ਮਿਤੀਆਂ ਵਿਚ ਵਾਧਾ ਕੀਤਾ ਜਾਵੇ। ਇਸ ਵਿਚ ਇਹ ਵੀ ਦੱਸਿਆ ਕਿ ਆਈ ਸੀ ਐਮ ਆਰ ਨੇ ਟੈਸਟਿੰਗ ਲਈ ਪੀ ਜੀ ਆਈ ਨੂੰ ਹੋਰ ਕਿੱਟਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਸਾਰੇ ਟੈਸਟਿੰਗ ਸੈਂਟਰਾਂ ਨੂੰ ਟੈਸਟਿੰਗ ਹੋਰ ਵਧਾਉਣ ਵਾਸਤੇ ਆਖਿਆ ਜਾ ਰਿਹਾ ਹੈ। ਪ੍ਰਸ਼ਾਸਕ ਨੇ ਹਦਾਇਤ ਕੀਤੀ ਕਿ ਕੰਟੇਨਮੈਂਟ ਜ਼ੋਨਾਂ ਵਿਚ ਟੈਸਟਿੰਗ ਵਧਾਈ ਜਾਵੇ ਤਾਂ ਜੋ ਇਨਫੈਕਸ਼ਨ ਫੈਲਣ ਤੋਂ ਰੋਕਿਆ ਜਾ ਸਕੇ। ਵਿੱਤ ਸਕੱਤਰ ਨੇ ਮਾਲੀਆ ਸਰੋਤ ਵਧਾਉਣ ਲਈ ਕੋਈ ਵਾਧੂ ਸੈਸ ਲਾਉਣ ਦੀ ਸਲਾਹ ਦਿੱਤੀ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲੋੜਵੰਦਾਂ ਲੋਕਾਂ ਨੂੰ 154,944 ਬਣੇ ਬਣਾਏ ਖਾਣੇ ਦੇ ਪੈਕਟ ਪ੍ਰਦਾਨ ਕੀਤੇ ਗਏ ਹਨ ਤੇ 2,42,000 ਲੋਕਾਂ ਨੇ ਸ਼ਹਿਰ ਵਿਚ ਆਰੋਗਿਆ ਸੇਤੂ ਐਪ ਡਾਊਨਲੋਡ ਕਰ ਲਈ ਹੈ।