ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਚੰਡੀਗੜ ਯੂਨੀਵਰਸਿਟੀ ਘੜੂੰਆਂ ਪੰਜਾਬ ਸਰਕਾਰ ਨੂੰ ਦੇ ਰਹੀ ਹੈ ਸੰਪੂਰਨ ਸਹਿਯੋਗ: ਡੀ.ਡੀ.ਪੀ.ਓ ਡੀ.ਕੇ ਸਾਲਦੀ
ਚੰਡੀਗੜ੍ਹ, 6 ਅਕਤੂਬਰ 2020 - ਭਾਰਤ ’ਚ ਕੋਵਿਡ-19 ਮਹਾਂਮਾਰੀ ਆਪਣੇ ਸਿਖਰਾਂ ’ਤੇ ਹੈ ਅਤੇ ਭਾਰਤ ’ਚ ਮੌਜੂਦਾ ਸਮੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ 66 ਲੱਖ ਤੋਂ ਪਾਰ ਕਰ ਗਈ ਹੈ। ਇੱਕ ਪਾਸੇ ਦੇਸ਼ ’ਚ ਜਿੱਥੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 83 ਫ਼ੀਸਦੀ ਹੈ ਅਤੇ ਪੰਜਾਬ ’ਚ 81.39 ਫ਼ੀਸਦੀ ਹੈ ਉਥੇ ਹੀ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਕੋਵਿਡ ਕੇਅਰ ਸੈਂਟਰ ਦਾ ਰਿਕਵਰੀ ਰੇਟ 92 ਫ਼ੀਸਦੀ ਹੋਣ ਆਪਣੇ ਆਪ ’ਚ ਵੱਡੀ ਉਪਲਬਧੀ ਹੈ। ਯੂਨੀਵਰਸਿਟੀ ਦਾ ਕੋਵਿਡ ਕੇਅਰ ਸੈਂਟਰ ਮਹਾਂਮਾਰੀ ਨੂੰ ਮਾਤ ਦੇਣ ’ਚ ਬਹੁਤ ਮਦਦਗਾਰ ਸਾਬਿਤ ਹੋ ਰਿਹਾ ਹੈ, ਕਿਉਂਕਿ ਕੋਵਿਡ ਸੈਂਟਰ ’ਚ ਭਰਤੀ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 350 ਹੈ, ਜਿਨਾਂ ’ਚੋਂ 321 ਮਰੀਜ਼ ਸਿਹਤਯਾਬ ਹੋ ਕੇ ਘਰ ਵਾਪਸ ਜਾ ਚੁੱਕੇ ਹਨ, ਉਥੇ ਹੀ 29 ਮਰੀਜ਼ ਇਲਾਜ ਅਧੀਨ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਸ਼ੁਰੂਆਤੀ ਦੌਰ ’ਚ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀ ਗਰੀਸ਼ ਦਿਆਲਨ (ਆਈ.ਏ.ਐਸ) ਦੇ ਮਾਰਗ ਦਰਸ਼ਨ ਹੇਠ ਜ਼ਿਲਾ ਪ੍ਰਸ਼ਾਸ਼ਨ ਮੋਹਾਲੀ ਦੇ ਸਹਿਯੋਗ ਨਾਲ ਚੰਡੀਗੜ ਯੂਨੀਵਰਸਿਟੀ ਵੱਲੋਂ ਘੜੂੰਆਂ ਵਿਖੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 200 ਬੈਡਾਂ ਦੀ ਸਹੂਲਤ ਅਤੇ ਇਕਾਂਤਵਾਸ ਕਰਨ ਲਈ 1000 ਬਿਸਤਰਿਆਂ ਦੀ ਸਹੂਲਤ ਵਾਲੇ ਕੋਵਿਡ ਕੇਅਰ ਸੈਂਟਰ ਦੀ ਸਥਾਪਨਾ ਕੀਤੀ ਗਈ ਸੀ, ਜਿਸ ’ਚ ਅਤਿ-ਆਧੁਨਿਕ ਮੈਡੀਕਲ ਉਪਕਰਨਾਂ ਵਾਲੀ ਆਈ.ਸੀ.ਯੂ, ਓ.ਪੀ.ਡੀ ਅਤੇ 24 ਘੰਟੇ ਐਂਬੂਲੈਂਸ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ 6 ਲੱਖ ਰੁਪਏ ਖਰਚ ਕਰਕੇ ਇਸ ਕੋਵਿਡ ਕੇਅਰ ਸਂੈਟਰ ਦੀ ਸਥਾਪਨਾ ਕੀਤੀ ਗਈ ਹੈ ਅਤੇ ਮਰੀਜ਼ਾਂ ਦੇ ਭੋਜਨ, ਸਾਫ਼-ਸਫ਼ਾਈ, ਪੀ.ਪੀ.ਈ ਕਿੱਟਾਂ, ਦਵਾਈਆਂ ਆਦਿ ’ਤੇ ਪ੍ਰਤੀ ਮਹੀਨਾ 10 ਤੋਂ 12 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।ਯੂਨੀਵਰਸਿਟੀ ਕੋਵਿਡ ਕੇਅਰ ਸੈਂਟਰ’ਚ ਮਰੀਜ਼ਾਂ ਲਈ ਮੁਫ਼ਤ ਮਿਆਰਾ ਭੋਜਨ, ਮੁਫ਼ਤ ਇੰਟਰਨੈਟ ਸੇਵਾ ਨਾਲ-ਨਾਲ ਸਫ਼ਾਈ ਸੇਵਾਵਾਂ, ਪੀ.ਪੀ.ਈ ਕਿੱਟਾਂ,ਲੋੜੀਂਦੀਆਂ ਦਵਾਈਆਂ, ਸੈਨੀਟੇਸ਼ਨ ਸਹੂਲਤਾਂ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇੱਕ ਪਾਸੇ ਜਿਥੇ ਕੋਵਿਡ ਕੇਅਰ ਸੈਂਟਰ ਚ 6 ਮੈਂਬਰੀ ਡਾਕਟਰੀ ਟੀਮ, 3 ਨਰਸਾਂ ਅਤੇ 3 ਫ਼ਾਰਮਾਸਿਸਟ ਸੇਵਾਵਾਂ ਨਿਭਾ ਰਹੇ ਹਨ ਉਥੇ ਹੀ ਵਰਸਿਟੀ ਦੇ 40 ਮੁਲਾਜ਼ਮਾਂ ਦੀ ਟੀਮ 24 ਘੰਟੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ, ਜਿਸ ’ਚ ਪੈਰਾ ਮੈਡੀਕਲ ਸਟਾਫ਼, ਫ਼ਾਰਮਾਸਿਸਟ, ਸਫ਼ਾਈ ਮੁਲਾਜ਼ਮ, ਸੁਰੱਖਿਆ ਮੁਲਾਜ਼ਮ ਸ਼ਾਮਲ ਹਨ, ਜੋ ਲਗਤਾਰ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ’ਵਰਸਿਟੀ ਵੱਲੋਂ ਸੀਯੂ ਏਡ ਮੁਹਿੰਮ ਤਹਿਤ ਹੋਰ ਵੀ ਲੋਕ ਭਲਾਈਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਕੋਰੋਨਾ ਮਹਾਂਮਾਰੀ ਵਿਰੁੱਧ ਚੰਡੀਗੜ ਯੂਨੀਵਰਸਿਟੀ ਘੜੂੰਆਂ ਦੇ ਪਾਏ ਸੁਚੱਜੇ ਯੋਗਦਾਨਾਂ ਦੀ ਸ਼ਲਾਘਾ ਕਰਦਿਆਂ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀ.ਡੀ.ਪੀ.ਓ) ਸ਼੍ਰੀ ਡੀ.ਕੇ ਸਾਲਦੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ’ਚ ਚਲਾਈ ਜਾ ਰਹੀ ’ਮਿਸ਼ਨ ਫਤਹਿ’ ਮੁਹਿੰਮ ਦੀ ਸਫ਼ਲਤਾ ਲਈ ਚੰਡੀਗੜ ਯੂਨੀਵਰਸਿਟੀ ਵਿਸ਼ੇਸ਼ ਯੋਗਦਾਨ ਪਾ ਰਹੀ ਹੈ। ਉਨਾਂ ਕਿਹਾ ਕਿ ’ਵਰਸਿਟੀ ਵੱਲੋਂ ਘੜੂੰਆਂ ਵਿਖੇ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ’ਕੋਵਿਡ ਕੇਅਰ ਸੈਂਟਰ’ ਨਾਲ ਕੋਰੋਨਾ ਨੂੰ ਮਾਤ ਦੇਣ ਲਈ ਵੱਡੀ ਮਦਦ ਮਿਲ ਰਹੀ ਹੈ। ਉਨਾਂ ਦੱਸਿਆ ਕਿ ਮਹਾਂਮਾਰੀ ਦੇ ਸ਼ੁਰੂਆਤੀ ਦੌਰ ’ਚ ਹੀ ’ਵਰਸਿਟੀ ਨੇ 200 ਬਿਸਤਰਿਆਂ ਵਾਲਾ ਕੋਵਿਡ ਸੈਂਟਰ ਅਤੇ 1000 ਬੈਡਾਂ ਦੀ ਸਮੱਰਥਾ ਵਾਲਾ ਇਕਾਂਤਵਾਸ ਸੈਂਟਰ ਲੋਕਾਂ ਦੀ ਸਹੂਲਤ ਲਈ ਸਮਰਪਿਤ ਕਰ ਦਿੱਤਾ ਸੀ, ਜਿਥੇ ਅੱਜ ਵੱਡੀ ਗਿਣਤੀ ਲੋਕ ਮਹਾਂਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਸ਼੍ਰੀ ਡੀ.ਕੇ ਸਾਲਦੀ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰ ’ਚ ’ਵਰਸਿਟੀ ਦੁਆਰਾ ਮੁਫ਼ਤ ਭੋਜਨ, ਇੰਟਰਨੈਟ ਸੇਵਾਵਾਂ, 24 ਘੰਟੇ ਐਂਬੂਲੈਂਸ ਸੇਵਾ, ਯੋਗ ਪੈਰਾਮੈਡੀਕਲ ਸਟਾਫ਼, ਸੁਰੱਖਿਆ ਮੁਲਾਜ਼ਮ ਅਤੇ ਸੁਚੱਜੀਆਂ ਸਫ਼ਾਈ ਸੇਵਾਵਾਂ ਮੁਹੱਈਆ ਕਰਵਾਏ ਜਾਣਾ ਆਪਣੇ ਆਪ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਕਰੋਨਾ ਸਬੰਧੀ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਪਰ ਲੋਕਾਂ ਨੂੰ ਇਨਾਂ ਅਫ਼ਵਾਹਾਂ ਤੋਂ ਗੁਰੇਜ਼ ਕਰਦਿਆਂ ਆਪਣੀ ਟੈਸਟਿੰਗ ਕਰਵਾਉਣ ਅਤੇ ਕੋਵਿਡ ਕੇਅਰ ਸੈਂਟਰ ਘੜੂੰਆਂ ਵਰਗੀਆਂ ਸਹੂਲਤਾਂ ਦਾ ਲਾਭ ਲੈ ਕੇ ਮਹਾਂਮਾਰੀ ਦੇ ਖ਼ਾਤਮੇ ’ਚ ਯੋਗਦਾਨ ਪਾਉਣ। ਉਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੇ ਉਪਰਾਲੇ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਸੰਸਥਾਵਾਂ ਨੂੰ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਭਨਾਂ ਦੇ ਸਹਿਯੋਗ ਨਾਲ ਇਸ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕੇ।
ਇਸ ਮੌਕੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਕਾਰਨ ਉਪਜੇ ਹਾਲਾਤਾਂ ਦੌਰਾਨ ਸੰਸਥਾ ਹੋਣ ਦੇ ਨਾਤੇ ਚੰਡੀਗੜ ਯੂਨੀਵਰਸਿਟੀ ਨੇ ਸਮਾਜਿਕ ਜ਼ਿੰਮੇਵਾਰੀ ਸਮਝੀ ਕਿ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਇਆ ਜਾਵੇ, ਜਿਸ ਲਈ ’ਵਰਸਿਟੀ ਵੱਲੋਂ ਸੀਯੂ ਏਡ ਮੁਹਿੰਮ ਅਧੀਨ ਵੱਖ-ਵੱਖ ਲੋਕ ਭਲਾਈ ਕਾਰਜ ਉਲੀਕੇ ਗਏ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕੋਵਿਡ ਕੇਅਰ ਸੈਂਟਰ ’ਚ ਵੱਡੀ ਗਿਣਤੀ ਮਰੀਜ਼ਾਂ ਦਾ ਸਿਹਤਯਾਬ ਹੋਣਾ, ਸਕਰਾਤਮਕ ਅਤੇ ਸੁਖਦ ਸੁਨੇਹਾ ਸਮਾਜ ਲਈ ਲੈ ਕੇ ਆਇਆ ਹੈ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ ਯੂਨੀਵਰਸਿਟੀ ਵੱਖ-ਵੱਖ ਸਮਾਜ ਭਲਾਈ ਕਾਰਜਾਂ ’ਚ ਮੋਹਰੀ ਰਹੀ ਹੈ ਅਤੇ ਭਵਿੱਖ ’ਚ ਸਮਾਜ ਅਤੇ ਲੋਕਾਂ ਦੀ ਭਲਾਈ ਲਈ ਕਾਰਜਸ਼ੀਲ ਰਹੇਗੀ।