ਅੰਮ੍ਰਿਤਸਰ, 30 ਅਪ੍ਰੈਲ 2020 - ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਐਨੀ ਵੱਡੀ ਗਿਣਤੀ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਉਣ 'ਤੇ ਚਿੰਤਾ ਜ਼ਾਹਿਰ ਕੀਤੀ ਅਤੇ ਹੈਰਾਨੀ ਵੀ ਪ੍ਰਗਟ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਜਿਸ ਸ਼ਹਿਰ 'ਚ ਸਿੱਖ ਸ਼ਰਾਧਾਲੂ ਰੁਕੇ ਹੋਏ ਸਨ ਉੱਥੇ ਸਿਰਫ ਦੋ ਹੀ ਕੋਰੋਨਾ ਪਾਜ਼ੀਟਿਵ ਮਰੀਜ਼ ਸਨ ਅਤੇ ਜਿਸ ਗੁਰਦੁਆਰਾ ਸਾਹਿਬ 'ਚ ਇਹ ਸਾਰੀ ਸੰਗਤ ਰੁਕੀ ਹੋਈ ਸੀ ਉੱਥੇ ਕੋਈ ਵੀ ਵਿਅਕਤੀ ਇਸ ਨਾ ਮੁਰਾਦ ਵਾਇਰਸ ਤੋਂ ਪੀੜਤ ਨਹੀਂ ਹੈ, ਸਾਰੀ ਸਿੱਖ ਸੰਗਤ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਉੱਥੇ ਰੁਕੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਵਾਲਿਆਂ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆ ਕਿਹਾ ਕਿ ਨਾਂਦੇੜ ਪ੍ਰਸ਼ਾਸਨ ਵੱਲੋਂ 3 ਵਾਰ ਸੰਗਤ ਦੀ ਜਾਂਚ ਕੀਤੀ ਗਈ ਪਰ ਇਸ ਦੌਰਾਨ ਕੋਈ ਵੀ ਮਾਮਲਾ ਪਾਜ਼ੀਟਿਵ ਨਹੀ ਆਇਆ। ਪਰ ਪੰਜਾਬ ਆਉਂਦਿਆਂ ਹੀ ਕਿਵੇਂ ਸਿੱਖ ਸੰਗਤ ਨੂੰ ਐਨੀ ਵੱਡੀ ਗਿਣਤੀ 'ਚ ਇਹ ਵਾਇਰਸ ਕਿਵੇਂ ਹੋ ਸਕਦਾ ਹੈ ?
ਜਥੇਦਾਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਿੱਲੀ 'ਚ ਤਬਲੀਗੀ ਜਮਾਤ ਵਾਂਗ ਹਜ਼ੂਰ ਸਾਹਿਬ ਤੋਂ ਆਈ ਸਿੱਖ ਸੰਗਤ ਨੂੰ ਬਦਨਾਮ ਕਰਨ ਦੀ ਸਾਜਿਸ਼ ਹੋ ਸਕਦੀ ਹੈ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਯਤਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਇਸ ਸਬੰਧੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਪੰਜਾਬ ਆਉਂਦੇ ਹੀ ਐਨੀ ਵੱਡੀ ਗਿਣਤੀ 'ਚ ਸਿੱਖ ਸਰਧਾਲੂ ਕੋਰੋਨਾ ਪਾਜ਼ੀਟਿਵ ਕਿਵੇਂ ਹੋ ਸਕਦੇ ਹਨ ? ਉਨ੍ਹਾਂ ਨੇ ਕੈਪਟਨ ਨੂੰ ਅਪੀਲ ਕੀਤੀ ਕਿ ਸਿੱਖ ਸੰਗਤ ਦੇ ਰਹਿਣ ਅਤੇ ਲੰਗਰ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਤੋਂ ਬਿਨਾਂ ਸਿੱਖ ਸੰਗਤ ਲਈ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਸਦਾ ਖੁੱਲ੍ਹੀਆਂ ਹਨ ਉੱਥੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਸਕਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://www.facebook.com/BabushahiDotCom/videos/552277265688123/