ਮਨਿੰਦਰਜੀਤ ਸਿੱਧੂ
ਜੈਤੋ, 11 ਅਪ੍ਰੈਲ 2020 : ਕੋਰੋਨਾ ਦੀ ਕੁਦਰਤੀ ਆਫਤ ਦੀ ਘੜੀ ਜੈਤੋ ਦੀ ਵਸਨੀਕ ਨਵਜੋਤ ਬਰਾੜ ਨੇ ਇੱਕ ਵਿਲੱਖਣ ਪਹਿਲਕਦਮੀ ਕਰਦੇ ਹੋਏ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐੱਮ.ਐੱਸ.ਸੀ (ਫੈਸ਼ਨ ਡਿਜ਼ਾਇਨਿੰਗ) ਦੀ ਵਿਦਿਆਰਥਣ ਨਵਜੋਤ ਬਰਾੜ ਨੇ ਆਪਣੇ ਹੱਥੀਂ ਬਹੁਤ ਉੱਤਮ ਗੁਣਵਤਾ ਵਾਲੇ ਮਾਸਕ ਬਣਾ ਕੇ ਸਮਾਜਸੇਵੀ ਜੱਥੇਬੰਦੀਆਂ ਦੇ ਕਾਰਕੁੰਨਾਂ ਰਾਹੀਂ ਲੋਕਾਂ ਦੀ ਸੇਵਾ ਵਿੱਚ ਜੁਟੇ ਪੁਲਿਸ ਕਰਮੀਆਂ ਅਤੇ ਸਿਹਤ ਕਰਮੀਆਂ ਨੂੰ ਭੇਂਟ ਕੀਤੇ।
ਨਵਜੋਤ ਕੌਰ ਸਥਾਨਕ ਕੋਟਕਪੂਰਾ ਰੋਡ ਦੇ ਵਸਨੀਕ ਮਰਹੂਮ ਬੈਂਕ ਮਨੇਜਰ ਗੁਰਚਰਨ ਸਿੰਘ ਬਰਾੜ ਦੀ ਪੋਤਰੀ ਅਤੇ ਬੈਂਕ ਮੈਨੇਜਰ ਗੁਰਦੀਪ ਸਿੰਘ ਬਰਾੜ ਦੀ ਬੇਟੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਨੇ ਦੱਸਿਆ ਕਿ " ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਕੀਤੀ ਹੋਈ ਪੜ੍ਹਾਈ ਨੇ ਅੱਜ ਮੈਨੂੰ ਇਸ ਕਾਬਿਲ ਬਣਾਇਆ ਕਿ ਮੈਂ ਆਪਣੇ ਲੋਕਾਂ ਲਈ ਥੋੜ੍ਹਾ ਬਹੁਤ ਕਰ ਸਕੀ ਹਾਂ।"
ਉਸ ਨੇ ਨੌਜਵਾਨ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਔਕੜ ਦੀ ਘਰੇ ਵਿੱਚ ਜਿੱਥੇ ਸਾਡਾ ਪ੍ਰਸ਼ਾਸਨ ਜੁਟਿਆ ਹੋਇਆ ਹੈੇ ਅਤੇ ਜਿੱਥੇ ਸਮਾਜਸੇਵੀ ਜੱਥੇਬੰਦੀਆਂ ਵਾਲੇ ਸਾਡੇ ਭਰਾ ਘਰ ਘਰ ਲੰਗਰ ਅਤੇ ਦਵਾਈਆਂ ਆਦਿ ਪਹੁੰਚਾ ਰਹੇ ਹਨ ਉੱਥੇ ਸਾਨੂੰ ਲੜਕੀਆਂ ਨੂੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਨਵਜੋਤ ਕੌਰ ਦੁਆਰਾ ਬਣਾਏ ਗਏ ਮਾਸਕਾਂ ਦੀ ਇਲਾਕੇ ਵਿੱਚ ਬੜੀ ਸਿਫਤ ਹੋ ਰਹੀ ਹੈ।ਇਹਨਾਂ ਦੀ ਸਭ ਤੋਂ ਵੱਡੀ ਸਿਫਤ ਇਹ ਹੈ ਕਿ ਚੰਗੀ ਤਰ੍ਹਾਂ ਧੋਣ ਅਤੇ ਸੈਨੀਟਾਈਜ਼ ਕਰਨ ਤੋਂ ਬਾਅਦ ਮੁੜ ਵਰਤੋਂ ਵਿੱਚ ਲਿਆਏ ਜਾ ਸਕਦੇ ਹਨ।ਇਹਨਾਂ ਦੀ ਕੁਆਲਟੀ ਏਨੀ ਵਧੀਆ ਦੱਸੀ ਜਾ ਰਹੀ ਹੈ ਕਿ ਜੇਕਰ ਮਾਰਕਿਟ ਵਿੱਚੋਂ ਇਸ ਤਰ੍ਹਾਂ ਦਾ ਮਾਸਕ ਖਰੀਦਣਾ ਹੋਵੇ ਤਾਂ ਉਹ 150 ਰੁਪੈ ਤੋਂ ਘੱਟ ਨਹੀਂ ਮਿਲਦਾ ਹੈ।ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਨਵਜੋਤ ਦੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੇ ਨੌਜਵਾਨ ਦੂਸਰਿਆਂ ਲਈ ਪ੍ਰੇਰਨਾਸਰੋਤ ਬਣਦੇ ਹਨ