ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 16 ਸਤੰਬਰ 2020 - ਜ਼ਿਲ੍ਹੇ ਵਿਚੋਂ ਕੋਰੋਨਾ ਨੂੰ ਜੜੋਂ ਪੁੱਟਣ ਦੇ ਇਰਾਦੇ ਨਾਲ ਕੰਮ ਕਰ ਰਹੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਹੁਣ ਸਾਰੇ ਸਰਕਾਰੀ ਦਫਤਰਾਂ ਨੂੰ ਆਪਣੇ ਮੁਲਾਜ਼ਮਾਂ ਦਾ ਕੋਵਿਡ-19 ਟੈਸਟ ਕਰਵਾਉਣ ਦੀ ਹਦਾਇਤ ਕੀਤੀ ਹੈ। ਆਪਣੀ ਹਦਾਇਤ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਦਾ ਰੋਜ਼ਾਨਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਕੋਰੋਨਾ ਤੋਂ ਬਚੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਕ ਕਰਮਚਾਰੀ ਨੂੰ ਕੋਰੋਨਾ ਹੁੰਦਾ ਹੈ ਤਾਂ ਉਹ ਅੱਗੋਂ ਸਾਰੇ ਦਫਤਰ ਅਤੇ ਦਫਤਰ ਆਉਣ ਵਾਲੇ ਸੈਂਕੜੇ ਲੋਕਾਂ ਤੱਕ ਲਾਗ ਫੈਲਾਉਣ ਦਾ ਕਾਰਨ ਬਣ ਸਕਦੀ ਹੈ, ਇਸ ਲਈ ਇੰਨਾਂ ਕਰਮਚਾਰੀਆਂ ਦਾ ਕੋਰੋਨਾ ਟੈਸਟ ਹਰ ਹਾਲਤ ਕੀਤੇ ਜਾਣ। ਖਹਿਰਾ ਨੇ ਇਸ ਦੀ ਸ਼ੁਰੂਆਤ ਆਪਣਾ ਟੈਸਟ ਕਰਵਾ ਕੇ ਬੀਤੇ ਦਿਨੀਂ ਕਰ ਦਿੱਤੀ ਸੀ।। ਉਸ ਮਗਰੋਂ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਅਤੇ ਹੋਰ ਅਧਿਕਾਰੀਆਂ ਨੇ ਵੀ ਆਪਣੇ ਕਰੋਨਾ ਟੈਸਟ ਕਰਵਾਏ ਸਨ।
ਖਹਿਰਾ ਨੇ ਸਾਰੇ ਦਫਤਰਾਂ ਨੂੰ ਜਾਰੀ ਕੀਤੇ ਪੱਤਰ ਵਿਚ ਕਿਹਾ ਕਿ ਉਹ ਆਪਣੇ ਸਾਰੇ ਕਰਮਚਾਰੀ, ਜਿਸ ਵਿਚ ਦਰਜਾ ਚਾਰ ਤੱਕ ਦੇ ਕਰਮਚਾਰੀ ਵੀ ਸ਼ਾਮਿਲ ਹਨ, ਦਾ ਕੋਵਿਡ-19 ਦਾ ਆਰ ਟੀ ਪੀ ਸੀ ਆਰ ਟੈਸਟ 25 ਸਤੰਬਰ ਤੱਕ ਕਰਵਾ ਕੇ ਲਿਖਤੀ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਭੇਜਣ। ਦੱਸਣਯੋਗ ਹੈ ਕਿ ਜਿਲਾ ਪ੍ਰਸ਼ਾਸਨ ਨੇ ਪਹਿਲਾਂ ਵਪਾਰਕ ਸਥਾਨਾਂ, ਜਿੱਥੇ ਕਿ ਲੋਕਾਂ ਦਾ ਆਉਣਾ-ਜਾਣਾ ਆਮ ਰਹਿੰਦਾ ਹੈ, ਦੇ ਮਾਲਕਾਂ ਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਹੈ।