ਹਰੀਸ਼ ਕਾਲੜਾ
ਰੂਪਨਗਰ, 11 ਅਗਸਤ 2020 - ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ''ਮਿਸ਼ਨ ਫਤਿਹ" ਦੇ ਤਹਿਤ ਸ਼੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਵਿਸ਼ੇਸ਼ ਅਪੀਲ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਬੁਖਾਰ, ਜਾਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਉਹ ਆਪਣਾ ਕੋਰੋਨਾਂ ਦਾ ਟੈਸਟ ਕਰਵਾਉਣ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਣ ਅਤੇ ਆਕਸੀਮੀਟਰ ਰਾਹੀਂ ਘੱਟੋ-ਘੱਟ ਦਿਨ ਵਿੱਚ ਦੋ ਵਾਰੀ ਆਕਸੀਜਨ ਲੈਵਲ ਚੈਕ ਕਰਨ ਜੋ ਕਿ 95 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣਾਂ ਚਾਹੀਦਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਦੀ ਬੀਮਾਰੀ ਕਾਰਨ ਸਵਰਗਵਾਸ ਹੋਏ ਵਿਅਕਤੀਆਂ ਦੀ ਮੌਤ ਦੇ ਕਾਰਨਾਂ ਦੀ ਘੋਖ ਕਰਨ ਤੇ ਪਤਾ ਲੱਗਾ ਹੈ ਕਿ ਮੌਤ ਦਾ ਕਾਰਨ ਕੋਰੋਨਾ ਦੀ ਸਮੇਂ ਸਿਰ ਜਾਂਚ ਨਾ ਕਰਵਾਉਣਾ ਅਤੇ ਹਸਪਤਾਲ ਵਿੱਚ ਜਾਣ ਲਈ ਦੇਰੀ ਕਰਨਾ ਹੈ। ਜਿਆਦਾਤਰ ਮੋਤਾਂ ਖੂਨ ਵਿੱਚ ਆਕਸੀਜਨ ਦੀ ਕਮੀ ਕਾਰਨ ਪੈਦਾ ਹੋਈਆਂ ਪੇਚੀਦਗੀਆਂ ਕਰਕੇ ਹੋਈਆਂ ਹਨ।
ਲੋਕਾਂ ਨੂੰ ਕੀਤੀ ਅਪੀਲ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਵਿਅਕਤੀ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹਨ, ਜਿੰਨ੍ਹਾਂ ਦੀ ਉਮਰ 60 ਸਾਲ ਤੋ ਜਿਆਦਾ ਹੈ ਉਹਨਾਂ ਨੂੰ ਇਸਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਹਨਾਂ ਲਈ ਕੋਰੋਨਾਂ ਦੀ ਬੀਮਾਰੀ ਜਿਆਦਾ ਘਾਤਕ ਸਿੱਧ ਹੋ ਸਕਦੀ ਹੈ। ਬੁਜਰਗਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਬਜਾਰ ਜਾਣ ਤੋਂ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋ ਕੀ ਗੁਰੇਜ ਕਰਨਾ ਚਾਹੀਦਾ ਹੈ। ਕੋਰੋਨਾ ਦੇ ਟੈਸਟ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਕਿਸੇ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੈ ਅਤੇ ਉਸਨੂੰ ਗੰਭੀਰ ਲੱਛਣ ਨਹੀਂ ਹਨ ਤਾਂ ਉਹ ਕੋਰੋਨਾਂ ਪੋਜਟਿਵ ਆਉਣ ਤੇ ਘਰ ਵਿੱਚ ਇਕਾਂਤਵਾਸ ਕਰ ਸਕਦੇ ਹਨ। ਨੱਕ, ਕੰਨ, ਮੂੰਹ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਵੋ ਜਾਂ ਸੈਨੇਟਾਇਜ ਕਰੋ ਅਤੇ ਆਪਸ ਵਿੱਚ ਘੱਟ ਤੋਂ ਘੱਟ 2 ਗਜ ਦੀ ਦੂਰੀ ਬਣਾਂ ਕੇ ਰੱਖੋ ਤੇ ਮਾਸਕ ਪਾ ਕੇ ਹੀ ਘਰ ਤੋਂ ਹੀ ਬਾਹਰ ਨਿਕਲਣਾ ਚਾਹੀਦਾ ਹੈ। ਕੋਈ ਵੀ ਵਿਅਕਤੀ ਅਤੇ ਖਾਸ ਕਰ ਬਜਰੁਗ ਵਿਅਕਤੀ ਜਿੰਨਾਂ ਨੂੰ ਕੋਰੋਨਾ ਦਾ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ, ਨੂੰ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾਂਚ ਲਈ ਜਾਣਾ ਚਾਹੀਦਾ ਹੈ।