ਦਿੱਲੀ ਤੋਂ ਨਿਊਜ਼ੀਲੈਂਡ ਨਾਨ-ਸਟਾਪ ਸਿੱਧੀ ਫਲਾਈਟ 30 ਅਪ੍ਰੈਲ ਨੂੰ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 29 ਅਪ੍ਰੈਲ, 2020 : ਭਾਰਤ ਦੇ ਵਿਚ ਨਿਊਜ਼ੀਲੈਂਡ ਤੋਂ ਘੁੰਮਣ ਆਏ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਇਆਂ ਦੀ ਗਿਣਤੀ 1900 ਤੱਕ ਹੋ ਜਾਣ ਦੀਆਂ ਖਬਰਾਂ ਹਨ। ਪੰਜਾਬੀਆਂ ਦੀ ਗਿਣਤੀ ਵੀ ਵੱਡੀ ਮਾਤਰਾ ਵਿਚ ਹੈ। ਇਨ੍ਹਾਂ ਵਿਚ ਸਿਟੀਜ਼ਨ ਅਤੇ ਪੀ. ਆਰ. ਜਿਆਦਾ ਹਨ ਜਿਨ੍ਹਾਂ ਨੂੰ ਵਾਪਿਸ ਲਿਜਾਇਆ ਜਾ ਰਿਹਾ ਹੈ। ਕੁਝ ਲੋਕਾਂ ਨੇ ਵਰਕ ਪਰਮਿਟ, ਲੋੜੀਂਦੇ ਹੁਨਰਾਂ ਵਾਲੇ ਜਾਂ ਸਭ ਤੋਂ ਨੇੜਲੇ ਪਰਿਵਾਰਕ ਮੈਂਬਰਜ਼ ਲਈ ਵੀ ਵਤਨ ਵਾਪਸੀ ਲਈ ਅਪਲਾਈ ਕੀਤਾ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਵੱਲੋਂ ਭਾਰਤ ਸਰਕਾਰ ਦੀ ਸਹਾਇਤਾ ਨਾਲ ਪਹਿਲੇ ਗੇੜ ਵਿਚ ਏਅਰ ਨਿਊਜ਼ੀਲੈਂਡ ਦੀਆਂ ਤਿੰਨ ਸਿੱਧੀਆਂ ਫਲਾਈਟਾਂ ਦੇ ਵਿਚ ਕੀਵੀ ਅਤੇ ਪੀ. ਆਰ. ਵਾਪਿਸ ਲਿਆਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਪਹਿਲਾ ਜਹਾਜ਼ ਦਿੱਲੀ ਤੋਂ ਔਕਲੈਂਡ 24 ਅਪ੍ਰੈਲ ਨੂੰ ਅਤੇ ਦੂਜਾ 27 ਅਪ੍ਰੈਲ ਨੂੰ ਮੁੰਬਈ ਤੋਂ ਕ੍ਰਾਈਸਟਚਰਚ ਜਾ ਚੁੱਕਾ ਹੈ। ਹੁਣ ਤੀਜਾ ਜਹਾਜ਼ ਅੱਜ ਅੱਧੀ ਰਾਤ ਬਾਅਦ 2 ਵਜੇ ਦਿੱਲੀ ਤੋਂ ਕ੍ਰਾਈਸਟਚਰਚ ਲਈ ਨਾਨ-ਸਟਾਪ ਸਿੱਧੀ ਉਡਾਣ ਭਰੇਗਾ। ਇਸ ਸਬੰਧੀ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਯਾਤਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਬੱਸਾਂ ਜਾਂ ਹੋਰ ਛੋਟੀਆਂ ਗੱਡੀਆਂ ਰਾਹੀਂ ਰਾਤ 8-9 ਵਜੇ ਤੱਕ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਦੇ ਲਈ ਇਸ ਵਾਰ 8 ਬੱਸਾਂ ਦਾ ਪ੍ਰਬੰਧ ਹੈ ਅਤੇ ਇਸ ਦੇ ਵਿਚ ਪੰਜਾਬ ਦੇ ਬਹੁਤਾਤ ਜ਼ਿਲ੍ਹਿਆਂ ਸਮੇਤ, ਚੰਡੀਗੜ੍ਹ ਅਤੇ ਕਰਨਾਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
30 ਅਪ੍ਰੈਲ ਦੀ ਫਲਾਈਟ ਵਾਸਤੇ ਇਸ ਵਾਰ ਯਾਤਰੀਆਂ ਨੂੰ ਬਹੁਤ ਜਿਆਦਾ ਕਮਿਊਨੀਕੇਸ਼ਨ ਗੈਪ (ਤਾਲਮੇਲ ਨਾ ਹੋਣਾ) ਦਾ ਸਾਹਮਣਾ ਕਰਨਾ ਪਿਆ। ਬੀਤੀ ਅੱਧੀ ਰਾਤ ਬਾਅਦ ਡ੍ਰਾਈਵਰਾਂ ਦੀ ਲਿਸਟ ਤਾਂ ਭੇਜ ਦਿੱਤੀ ਗਈ ਪਰ ਲੋਕਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਤੁਹਾਡਾ ਨਾਂਅ ਕਿਹੜੀ ਬੱਸ ਦੇ ਵਿਚ ਸ਼ਾਮਿਲ ਕੀਤਾ ਗਿਆ ਹੈ। ਕਿਸੀ ਨੇ ਫੋਨ ਕਰਕੇ ਨਹੀਂ ਪੁਛਿਆ ਕਿ ਪਿੱਕਅੱਪ ਸੈਂਟਰ ਕਿਹੜਾ ਤੁਹਾਨੂੰ ਨੇੜੇ ਪੈਂਦਾ ਹੈ ? ਕੁਝ ਲੋਕਾਂ ਨੂੰ 2 ਕਿਲੋਮੀਟਰ ਦੂਰ ਵਾਲੀ ਬੱਸ ਛੱਡ ਕੇ 60 ਕਿਲੋਮੀਟਰ ਦੂਰ ਵਾਲੀ ਬੱਸ ਫੜਨੀ ਪੈ ਰਹੀ ਹੈ। ਸੜਕੀ ਪਾਸ ਵੀ ਰਾਤ 12 ਵਜੇ ਡ੍ਰਾਈਵਰ ਲਿਸਟ ਦੇ ਨਾਲ ਮਿਲਿਆ ਜਿਸ ਦਾ ਪ੍ਰਿੰਟ ਆਦਿ ਕੱਢਣਾ ਮੁਸ਼ਕਿਲ ਰਿਹਾ। ਲੋਕ ਡ੍ਰਾਈਵਰਾਂ ਨੂੰ ਫੋਨ ਕਰਕੇ ਆਪਣਾ ਨਾਂਅ ਪੁੱਛਦੇ ਰਹੇ ਕਿ ਲਿਸਟ ਵਿਚ ਹੈ ਕਿ ਨਹੀਂ।? ਡ੍ਰਾਈਵਰ ਅੱਧੀ ਰਾਤ ਦਿੱਲੀ ਤੋਂ ਇਥੇ ਪੁੱਜੇ ਸਨ ਅਤੇ ਸੁੱਤੇ ਹੋਏ ਸਨ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਸੌਣ ਨਹੀਂ ਦਿੱਤਾ ਗਿਆ। ਏਸ਼ੀਅਨ ਟਰੈਵਲ ਦਿੱਲੀ ਵਾਲੇ ਸਾਰਾ ਕੰਮ ਹਾਈਕਮਿਸ਼ਨ ਦਿੱਲੀ ਉਤੇ ਸੁੱਟੀ ਗਏ ਅਤੇ ਹਾਈ ਕਮਿਸ਼ਨ ਵਾਲਿਆਂ ਨਾਲ ਸੰਪਰਕ ਕਰਨਾ ਸੌਖਾ ਨਾ ਰਿਹਾ। ਇਹ ਜਹਾਜ਼ ਫੜਨ ਵਾਲੇ ਸ਼ਾਇਦ ਹੀ ਰਾਤੀਂ ਸੁੱਤੇ ਹੋਣ ਕਿਉਂਕਿ ਹਰ ਕੋਈ ਈਮੇਲ ਦੀ ਉਡੀਕ ਕਰ ਰਿਹਾ ਸੀ। ਕਈਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਜਾਣ ਵਾਸਤੇ ਨੰਬਰ ਲੱਗ ਗਿਆ ਹੈ ਕਿ ਨਹੀਂ। ਸੋ ਅਜੇ ਵੀ ਭੰਬਲ ਭੂਸਾ ਕਈਆਂ ਲਈ ਬਣਿਆ ਹੋਇਆ ਹੈ। ਕਈ ਸਿਆਣੇ ਬੰਦੇ ਹਨ ਈਮੇਲਾਂ ਅਤੇ ਇੰਟਰਨੈਟਾਂ ਦੇ ਜਾਲ ਤੋਂ ਨਾਵਾਕਿਫ ਸਨ।
ਖੈਰ ਅੱਜ 11.30 ਵਜੇ ਬੱਸਾਂ ਦੇ ਕਾਫਲੇ ਪਿੱਕਅੱਪ ਸੈਂਟਰਾਂ ਤੋਂ ਤੁਰ ਪੈਣੇ ਹਨ। ਲੋਕ ਪਰਾਂਠਿਆ ਦੇ ਨਾਲ ਚਾਹ-ਪਾਣੀ ਦਾ ਜੁਗਾੜ ਕਰਕੇ ਨਾਲ ਲਿਜਾ ਰਹੇ ਹਨ। ਸਾਰਾ ਕੁਝ ਠੀਕ ਰਿਹਾ ਤਾਂ ਇਹ ਤੀਜਾ ਜਹਾਜ਼ ਫੁੱਲ ਸੀਟਾਂ ਦੇ ਨਾਲ ਨਿਊਜ਼ੀਲੈਂਡ ਦੀ ਧਰਤੀ 'ਤੇ ਪੁੱਜੇਗਾ।