- ਕੋਵਿਡ-19 ਦੇ ਚੱਲਦਿਆਂ ਮਿਲਕਫੈਡ ਕਿਸੇ ਵੀ ਹੰਗਾਮੀ ਸਥਿਤੀ ਨਾਲ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ
- ਸੁੱਕਾ ਦੁੱਧ ਅਤੇ ਲੰਬੇ ਮਿਆਦ ਵਾਲੇ ਦੁੱਧ ਦੀ ਸਪਲਾਈ ਵਿੱਚ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ
ਚੰਡੀਗੜ੍ਹ, 20 ਮਾਰਚ 2020 - ਕੋਵਿਡ-19 ਬਿਮਾਰੀ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਮਿਲਕਫੈਡ ਦੇ ਬਰਾਂਡ ਵੇਰਕਾ ਵੱਲੋਂ ਖਪਤਕਾਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦਾ ਮੁਲਾਂਕਣ ਕਰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਭੈਅਭੀਤ ਹੋਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਦੌਰਾਨ ਸਾਫ-ਸਫਾਈ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਮਿਲਕਫੈਡ ਕਿਸੇ ਵੀ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਰੰਧਾਵਾ ਨੇ ਕਿਹਾ ਕਿ ਮਿਲਕਫੈਡ ਵੱਲੋਂ ਜਿੱਥੇ ਦੁੱਧ ਦੀ ਸਪਲਾਈ ਵਧਾਉਂਦਿਆਂ ਉਪਭੋਗਤਾ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ ਉਥੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਲੰਬੇ ਮਿਆਦ ਵਾਲੇ ਦੁੱਧ ਦੀ ਪੈਕੇਟਾਂ ਅਤੇ ਸੁੱਕੇ ਦੁੱਧ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਅਤੇ ਸਕਿਮਡ ਦੁੱਧ ਅਤੇ ਦੁੱਧ ਪਾਊਂਡਰ ਹੇਠਲੇ ਪੱਧਰ ਤੱਕ ਵੇਰਕਾ ਬੂਥਾਂ, ਮਿਲਕ ਬਾਰ ਅਤੇ ਪ੍ਰਚੂਨ ਦੀਆਂ ਦੁਕਾਨਾਂ ਉਤੇ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਮਾਰਕੀਟ ਵਿੱਚ 20 ਮੀਟਰਿਕ ਟਨ ਦੁੱਧ ਵਾਲਾ ਪਾਊਂਡਰ ਪਹਿਲਾ ਹੀ ਭੇਜ ਦਿੱਤਾ ਗਿਆ ਹੈ ਅਤੇ 150 ਮੀਟਰਿਕ ਟਨ ਦੁੱਧ ਵਾਲਾ ਪਾਊਂਡਰ ਜੋ 15 ਲੱਖ ਲਿਟਰ ਦੁੱਧ ਦੀ ਥਾਂ ਵਰਤਿਆ ਜਾ ਸਕਦਾ ਹੈ, ਆਉਂਦੇ ਸੱਤ ਦਿਨਾਂ ਅੰਦਰ ਸਪਲਾਈ ਕਰ ਦਿੱਤਾ ਜਾਵੇਗਾ।
ਸਹਿਕਾਰਤਾ ਮੰਤਰੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭੈਅਭੀਤ ਨਾ ਹੋਣ ਅਤੇ ਮਿਲਕਫੈਡ ਹਰ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੁੱਧ ਦੀ ਪ੍ਰਾਸੈਸਿੰਗ ਪਿਛਲੇ ਸਾਲ ਦੇ ਮਾਰਚ ਮਹੀਨੇ ਨਾਲੋਂ 16 ਫੀਸਦੀ ਵੱਧ ਹੈ ਜਿਸ ਕਾਰਨ ਉਨ੍ਹਾਂ ਦਾ ਵਿਭਾਗ ਹਰ ਮੰਗ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਆਉਂਦੇ ਦਿਨਾਂ ਵਿੱਚ ਵੇਰਕਾ ਵੱਲੋਂ ਦੁੱਧ ਦੀ ਨਿਰਵਿਘਨ ਸਪਲਾਈ ਜਾਰੀ ਰਹੇਗੀ।
ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਉਨ੍ਹਾਂ ਦੇ ਅਦਾਰੇ ਵੱਲੋਂ ਹਰ ਤਰ੍ਹਾਂ ਦੀ ਇਹਤਿਹਾਤ ਅਤੇ ਸਾਫ ਤੇ ਸ਼ੁੱਧ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀ ਸਪਲਾਈ ਯਕੀਨੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਤਿ-ਆਧੁਨਿਕ ਤਕਨੀਕਾਂ ਵਾਲੀਆਂ ਡੇਅਰੀਆਂ ਵਿੱਚ ਸਾਰੇ ਸਫਾਈ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਮਿਲਕਫੈਡ ਦੇ ਸਾਰੇ ਕਰਮਚਾਰੀ ਪੂਰੀ ਤਰ੍ਹਾਂ ਸੰਵੇਦਨਸ਼ੀਲ ਹਨ ਅਤੇ ਵਿਸ਼ਵ ਸਿਹਤ ਸੰਸਥਾ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਿਹਤ ਸਬੰਧੀ ਜਾਰੀ ਦਿਸ਼ਾਂ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ।
ਚੇਅਰਮੈਨ ਨੇ ਕਿਹਾ ਕਿ ਦੁੱਧ ਦੀ ਸਪਲਾਈ ਵੇਰਕਾਂ ਪ੍ਰਾਸੈਸਿੰਗ ਪਲਾਂਟ ਤੋਂ ਉਪਭੋਗਤਾ ਤੱਕ ਪਹੁੰਚਾਣ ਦੇ ਹਰ ਪੱਧਰ ਤੱਕ ਸਪਲਾਈ ਚੇਨ ਵਿੱਚ ਸਾਫ ਸਫਾਈ ਤੇ ਸ਼ੁੱਧਤਾ ਦੇ ਮਿਆਰਾਂ ਨੂੰ ਕਾਇਮ ਰੱਖਣਾ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਭੁਗਤਾਨ ਵੀ ਸਮੇਂ ਸਿਰ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਦੁੱਧ ਦੀ ਸਪਲਾਈ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ।
ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਅੱਗੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਰੋਜ਼ਾਨਾ 12 ਲੱਖ ਲਿਟਰ ਦੁੱਧ ਪੰਜਾਬ ਤੇ ਗੁਆਂਢੀ ਸੂਬਿਆਂ ਨੂੰ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪਲਾਈ ਤਾਂ ਯਕੀਨੀ ਬਣਾਈ ਹੀ ਗਈ ਹੈ ਪਰ ਫੇਰ ਵੀ ਕਿਸੇ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਮਿਲਕਫੈਡ ਕੋਲ 100 ਤੋਂ 180 ਦਿਨਾਂ ਤੱਕ ਮਿਆਦ ਵਾਲੇ ਦੁੱਧ ਦੀ ਸਪਲਾਈ ਵੀ ਮੌਜੂਦ ਹੈ ਜੋ ਤਾਜ਼ੇ ਦੁੱਧ ਦਾ ਬਦਲ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਦੇ ਹੋਏ ਮਿਲਕਫੈਡ ਵੱਲੋਂ ਰੋਜ਼ਮਰਾ ਦੀ ਵਰਤੋਂ ਦੀ ਸਭ ਤੋਂ ਅਹਿਮ ਚੀਜ਼ ਦੁੱਧ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਤੇ ਗੁਆਂਢੀ ਰਾਜਾਂ ਦੇ ਉਪਭੋਗਤਾ ਨੂੰ ਇਸ ਬਾਰੇ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।