ਰਜਨੀਸ਼ ਸਰੀਨ
- ਬਾਕੀ ਦੇ ਤਿੰਨ ਮਰੀਜ਼ਾਂ ’ਚੋਂ ਵੀ ਦੋ ਦੇ ਪਹਿਲੇ ਟੈਸਟ ਨੈਗੇਟਿਵ ਆਏ
ਨਵਾਂਸ਼ਹਿਰ, 14 ਅਪਰੈਲ 2020 - ਜ਼ਿਲ੍ਹਾ ਹਸਪਤਾਲ ਨਵਾਸ਼ਹਿਰ ’ਚੋਂ ਅੱਜ ਇੱਕ ਬੱਚੇ ਸਮੇਤ ਚਾਰ ਮਰੀਜ਼ਾਂ ਨੂੰ ਕੋਵਿਡ ਤੋਂ ਸਿਹਤਯਾਬ ਹੋਣ ਬਾਅਦ ਘਰ ਭੇਜ ਦਿੱਤਾ ਗਿਆ। ਇਹ ਸਾਰੇ ਮਰੀਜ਼ ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ।
ਅੱਜ ਚਾਰ ਹੋਰ ਮਰੀਜ਼ਾਂ ਦੇ ਹਸਪਤਾਲ ’ਚੋਂ ਜਾਣ ਨਾਲ ਪਿੱਛੇ ਆਈਸੋਲੇਸ਼ਨ ਵਾਰਡ ’ਚ ਤਿੰਨ ਮਰੀਜ਼ ਬਾਕੀ ਰਹਿ ਗਏ ਹਨ। ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ’ਚੋਂ ਵੀ ਦੋ ਦੇ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕਰਵਾਏ ਗਏ ਪਹਿਲੇ ਟੈਸਟ ਨੈਗੇਟਿਵ ਆ ਗਏ ਹਨ, ਇਸ ਤਰ੍ਹਾਂ ਹੁਣ 18 ’ਚੋਂ ਇੱਕੋ ਮਰੀਜ਼ ਅਜਿਹਾ ਹੈ, ਜਿਸ ਦਾ ਆਈਸੋਲੇਸ਼ਨ ਸਮਾਂ ਹੋਣ ਬਾਅਦ ਟੈਸਟ ਕਰਵਾਉਣਾ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ 18 ਮਰੀਜ਼ਾਂ ’ਚੋਂ 14 ਮਰੀਜ਼ ਜ਼ਿਲ੍ਹੇ ਦੇ ਪਹਿਲੇ ਪਾਜ਼ੇਟਿਵ ਪਾਏ ਗਏ 19ਵੇਂ ਕੇਸ ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਮੌਜੂਦ ਬਾਕੀ ਦੇ ਤਿੰਨ ਮਰੀਜ਼ਾਂ ’ਚੋਂ ਵੀ ਦੋ ਦਾ ਸਬੰਧ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਹੈ।
ਐਸ ਐਮ ਓ ਅਨੁਸਾਰ ਇਨ੍ਹਾਂ ਸਾਰੇ ਮਰੀਜ਼ਾਂ ਦੇ ਕੋਵਿਡ-19 ਜਿਹੀ ਖਤਰਨਾਕ ਮਹਾਂਮਾਰੀ ਦਾ ਦਲੇਰੀ ਨਾਲ ਸਾਹਮਣਾ ਕਰਨ ਦਾ ਵੱਡਾ ਕਾਰਨ, ਇਨ੍ਹਾਂ ਦਾ ਹੌਂਸਲਾ ਅਤੇ ਹਸਪਤਾਲ ਦੇ ਮੈਡੀਕਲ ਸਟਾਫ਼ ਵੱਲੋਂ ਦਿੱਤੀਆਂ ਗਈਆਂ ਸਿਹਤ ਸਹੂਲਤਾਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੱਤਾ ਗਿਆ ਅਤੇ ਬਾਕਾਇਦਾ ਕੌਂਸਲਿੰਗ ਤੱਕ ਦੀ ਸੇਵਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਮਰੀਜ਼ਾਂ ਦੀ ਗਿਣਤੀ 18 ਤੋਂ ਨਾ ਵਧ ਕੇ, ਲਗਾਤਾਰ ਸਿਹਤਯਾਬੀ ਨਾਲ ਘਟਦੀ ਜਾ ਰਹੀ ਹੈ।
ਇਸ ਮੌਕੇ ਇਨ੍ਹਾਂ ਚਾਰਾਂ ਮਰੀਜ਼ਾਂ ਨੂੰ ਹਸਪਤਾਲ ਦੀ ਐਂਬੂਲੈਂਸ ’ਚ ਬਿਠਾ ਕੇ ਘਰ ਤੋਰਿਆ ਗਿਆ ਅਤੇ ਘਰ ਜਾ ਕੇ 14 ਦਿਨ ਦਾ ਕੁਅਰਾਨਟਾਈਨ ਪੀਰੀਅਡ ਲਾਜ਼ਮੀ ਰੱਖਣ ਲਈ ਕਿਹਾ ਗਿਆ।
ਇਸ ਮੌਕੇ ਡਾ. ਸਤਿੰਦਰਪਾਲ ਸਿੰਘ, ਡਾ. ਗੁਰਪਾਲ ਕਟਾਰੀਆਂ, ਮਾਈਕ੍ਰੋਬਾਇਓਲੋਜਿਸਟ ਰੁਪਿੰਦਰ ਸਿੰਘ, ਨਰਸਿੰਗ ਸਿਸਟਰ ਰਾਜ ਰਾਣੀ, ਸਟਾਫ਼ ਨਰਸ ਮਨਦੀਪ ਕੌਰ ਅਤੇ ਹਸਪਤਾਲ ਦਾ ਸਾਰਾ ਸਟਾਫ਼ ਅਤੇ ਸਫ਼ਾਈ ਸੇਵਕ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।