ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਦੇ ਕਈ ਰੁਜ਼ਗਾਰ ਦਾਤਾਵਾਂ ਨੇ ਕਾਮਿਆਂ ਦੀ ਦੱਬੀ ਸਬਸਿਡੀ ਤੇ ਚੜ੍ਹ ਗਏ ਚੁਬਾਰੇ- ਹੁਣ ਲੱਗਦੇ ਨੇ ਲਾਰੇ
ਔਕਲੈਂਡ, 18 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਬੁਰੇ ਪ੍ਰਭਾਵ ਦੇ ਚਲਦਿਆਂ ਨਿਊਜ਼ੀਲੈਂਡ ਸਰਕਾਰ ਦੇ ਰੁਜ਼ਗਾਰ ਵਿਭਾਗ ਨੇ ਦੇਸ਼ ਦੇ ਕਾਮਿਆਂ ਦੀ ਜ਼ਿੰਦਗੀ ਦੀ ਗੱਡੀ ਨੂੰ ਰਵਾਨਦੀ ਦੇਈ ਰੱਖਣ ਦੇ ਲਈ ਉਨ੍ਹਾਂ ਦੇ ਰੁਜ਼ਗਾਰ ਦਾਤਾਵਾਂ ਦੀ ਮੰਗ ਅਨੁਸਾਰ 'ਵੇਜ਼ ਸਬਸਿਡੀ ਸਕੀਮ' ਦੇ ਅਧੀਨ ਬਣਦੇ ਪੈਸੇ ਦੇ ਦਿਤੇ ਹਨ। ਇਨ੍ਹਾਂ ਪੈਸਿਆਂ ਦਾ ਮਤਲਬ ਸੀ ਕਿ ਰੁਜ਼ਗਾਰ ਦਾਤਾ ਅਤੇ ਉਨ੍ਹਾਂ ਦੇ ਵਰਕਰ ਇਕ ਦੂਜੇ ਦੇ ਸੰਪਰਕ ਵਿਚ ਰਹਿਣ, ਟੁੱਟੇ ਹੋਏ ਮਹਿਸੂਸ ਨਾ ਕਰਨ ਅਤੇ ਦੁਬਾਰਾ ਕੰਮ ਖੁੱਲ੍ਹਣ ਉਤੇ ਉਸੇ ਥਾਂ ਕੰਮ ਕਰਨ ਲੱਗ ਜਾਣ।
ਬਹੁਤ ਸਾਰਿਆਂ ਨੇ ਆਨ ਲਾਈਨ ਇਸ ਸਕੀਮ ਦਾ ਫਾਇਦਾ ਲੈ ਲਿਆ ਅਤੇ ਆਪਣੇ ਕਾਮਿਆਂ ਨੂੰ ਖੁਸ਼ ਕਰ ਦਿੱਤਾ। ਪਰ ਕਈਆਂ ਨੂੰ ਸਰਕਾਰ ਦੀ ਇਹ ਸਕੀਮ ਵਗਦੀ ਗੰਗਾ ਵਿਚ ਹੱਥ ਧੋਅਣ ਵਾਂਗ ਜਾਪੀ ਅਤੇ ਉਨ੍ਹਾਂ ਮਲ-ਮਲ ਕੇ ਹੱਥ ਧੋਅਣ ਦੀ ਕੋਸ਼ਿਸ਼ ਕਰ ਲਈ ਪਰ ਇਨ੍ਹਾਂ ਹੱਥਾਂ ਦੀ ਮੈਲ ਕਿਤੇ ਨਾ ਕਿਤੇ ਜਾ ਕੇ ਪ੍ਰਗਟ ਹੋ ਗਈ। ਲੇਬਰ ਵਿਭਾਗ ਅਨੁਸਾਰ ਹੁਣ ਕਾਮਿਆਂ ਦੀਆਂ ਸ਼ਿਕਾਇਤਾਂ ਕਿ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ ਹੜ ਆ ਗਿਆ ਹੈ। ਪਿਛਲੇ 9 ਦਿਨਾਂ ਦੇ ਵਿਚ ਹੀ 800 ਦੇ ਕਰੀਬ ਸ਼ਿਕਾਇਤਾਂ ਮਿਲ ਗਈਆਂ ਹਨ। 9 ਵਿਅਕਤੀ ਇਸ ਵੇਲੇ ਧੋਖਾਧੜੀ ਦੇ ਵਿਚ ਸ਼ਾਮਿਲ ਹਨ ਅਤੇ ਹੋਰ ਵਧਣ ਦੀ ਸੰਭਾਵਨਾ ਹੈ।
ਕਈ ਕਾਮਿਆਂ ਨੂੰ ਰੁਜ਼ਗਾਰ ਦਾਤਾ ਵੱਲੋਂ ਇਸ ਸਬਸਿਡੀ ਦੇਣ ਦਾ ਵਾਅਦਾ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਕਿਹਾ ਗਿਆ ਕਿ ਤੁਸੀਂ ਆਪਣੀਆਂ ਸਲਾਨਾ ਛੁੱਟੀਆਂ ਲੈ ਲਓ। ਇਕ ਮਹਿਲਾ ਵਰਕਰ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਇਸ ਪੇਸ਼ਕਸ ਨੂੰ ਨਹੀਂ ਲੈਂਦੇ ਤਾਂ ਤੁਹਾਨੂੰ ਨੌਕਰੀ ਤੋਂ 'ਲੋੜ ਨਹੀਂ' ਤਹਿਤ ਕੱਢ ਦਿੱਤਾ ਜਾਵੇਗਾ। ਕਈ ਲੋਕ ਟ੍ਰੇਡ ਯੂਨੀਅਨ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਕੋਲ 2100 ਦੇ ਕਰੀਬ ਸ਼ਿਕਾਇਤਾ ਪਹੁੰਚੀਆਂ ਹਨ। ਸੋ ਕਈ ਚਲਾਕ ਕਿਸਮ ਦੇ ਰੁਜ਼ਗਾਰ ਦਾਤਾ ਇਸ ਵੇਲੇ ਕਾਮਿਆਂ ਦੀ ਸਬਸਿਡੀ ਦੱਬ ਕੇ ਚੁਬਾਰੇ ਚੜ੍ਹ ਗਏ ਹਨ ਅਤੇ ਹੁਣ ਕਾਮਿਆਂ ਨੂੰ ਲਾਰੇ ਹੀ ਲਾ ਰਹੇ ਹਨ।