ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਭਾਈਚਾਰੇ ਦੀ ਤਰਫ ਤੋਂ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਤੇ ਹਾਈ ਕਮਿਸ਼ਨ ਨੂੰ ਗਈਆਂ ਹਨ ਦੋ ਵਾਰ ਚਿੱਠੀਆਂ
- ਸੰਨੀ ਸਿੰਘ ਇਮੀਗ੍ਰੇਸ਼ ਸਲਾਹਕਾਰ, ਰਘਬੀਰ ਸਿੰਘ ਜੇ. ਪੀ., ਪਰਮਿੰਦਰ ਸਿੰਘ ਜੇ.ਪੀ., ਨਵਤੇਜ ਰੰਧਾਵਾ (ਰੇਡੀਓ ਸਪਾਈਸ) ਅਤੇ ਹਰਜਿੰਦਰ ਸਿੰਘ ਬਸਿਆਲਾ ਜੇ.ਪੀ. ਨੇ ਬਣਾਈ ਹੈ ਟੀਮ
ਔਕਲੈਂਡ, 3 ਮਈ 2020 - ਸਾਰੇ ਜਾਣਦੇ ਹਨ ਕਿ ਕੋਰੋਨਾ ਵਾਇਰਸ ਕਰਕੇ ਬਹੁਤ ਸਾਰੇ ਭਾਰਤੀ ਕੀਵੀ, ਪੀ. ਆਰ. ਅਤੇ ਹੋਰ ਵੱਖ-ਵੱਖ ਵੀਜ਼ਿਆਂ ਵਾਲੇ ਇੰਡੀਆ ਫਸ ਗਏ ਹਨ ਕਿਉਂਕਿ ਲਾਕ ਡਾਊਨ ਕਰਕੇ ਚੁਫੇਰੇ ਫਲਾਈਟਾਂ ਬੰਦ ਹਨ। ਵੱਖ-ਵੱਖ ਸਰਕਾਰਾਂ ਆਪਣੇ ਨਾਗਰਿਕ, ਪੀ. ਆਰ. ਅਤੇ ਮਾਹਿਰ ਕਾਮੇ ਵਿਸ਼ੇਸ਼ ਯਤਨ ਕਰਕੇ ਵਾਪਿਸ ਬੁਲਾ ਰਹੀਆਂ ਹਨ। ਨਿਊਜ਼ੀਲੈਂਡ ਨੇ ਭਾਵੇਂ ਹੁਣ ਤੱਕ ਤਿੰਨ ਫਲਾਈਟਾਂ ਰਾਹੀਂ 700 ਤੋਂ ਉਪਰ ਇੰਡੀਆ ਵਿਚ ਫਸੇ ਲੋਕ ਇਥੇ ਵਾਪਿਸ ਲੈ ਆਂਦੇ ਹਨ ਪਰ ਸੈਂਕੜੇ ਬਾਕੀ ਹਨ। ਲੋਕ ਆਪਣੇ ਜਾਣਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਫੋਨ ਕਰਕੇ ਸਹਾਇਤਾ ਦੀ ਮੰਗ ਕਰ ਰਹੇ ਹਨ।
ਇਸ ਸਬੰਧੀ ਅਪ੍ਰੈਲ ਮਹੀਨੇ ਪਹਿਲੀ ਫਲਾਈਟ ਚੱਲਣ ਤੋਂ ਪਹਿਲਾਂ ਹੀ ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ, ਰਘਬੀਰ ਸਿੰਘ ਜੇ.ਪੀ. (ਅਕਾਲ ਫਾਊਂਡੇਸ਼ਨ ਵਾਲੇ) ਪਰਮਿੰਦਰ ਸਿੰਘ ਜੇ.ਪੀ. ਪਾਪਾਟੋਏਟੋਏ (ਰੇਡੀਓ ਸਪਾਈਸ), ਨਵਤੇਜ ਸਿੰਘ ਰੰਧਾਵਾ ਅਤੇ ਹਰਜਿੰਦਰ ਸਿੰਘ ਬਸਿਆਲਾ ਜੇ.ਪੀ. (ਪੰਜਾਬੀ ਹੈਰਲਡ) ਨੇ ਇਕ ਟੀਮ ਬਣਾ ਕੇ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲੇ ਅਤੇ ਹਾਈ ਕਮਿਸ਼ਨ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਸਨ। ਇਨ੍ਹਾਂ ਚਿੱਠੀਆਂ ਦੇ ਲਈ ਭਾਵੇਂ ਦਫਤਰ ਤੋਂ ਆਟੋਮੈਟਿਕ ਜਵਾਬ ਆ ਗਿਆ ਸੀ ਪਰ ਇਸ ਉਤੇ ਅਜੇ ਵਿਅਕਤੀਗਤ ਤੌਰ ਉਤੇ ਵਿਚਾਰ ਹੋ ਕੇ ਜਵਾਬ ਆਉਣਾ ਬਾਕੀ ਹੈ। ਇਨ੍ਹਾਂ ਚਿੱਠੀਆਂ ਦੀ ਪੈਰਵੀ ਕਰਦਿਆਂ ਹਫਤਾ ਪਹਿਲਾਂ ਰੀਮਾਈਂਡਰ ਵੀ ਜਾ ਚੁੱਕਾ ਹੈ। ਚਿੱਠੀਆਂ ਮਾਨਵਤਾ ਦੇ ਅਧਾਰ ਉਤੇ ਲਿਖੀਆਂ ਗਈਆਂ ਸਨ ਅਤੇ ਬੇਨਤੀ 'ਚ ਕਿਹਾ ਗਿਆ ਸੀ ਕਿ ਉਹ ਚਾਰਟਰ ਜਹਾਜ਼ ਦਾ ਖੁਦ ਪ੍ਰਬੰਧ ਕਰ ਲੈਣਗੇ ਪਰ ਇਸਦੀ ਇਜਾਜ਼ਤ ਦੇ ਦਿੱਤੀ ਜਾਵੇ। ਚਿੱਠੀਆਂ ਦੀ ਨਕਲ ਇਥੇ ਨਾਲ ਛਾਪੀ ਜਾ ਰਹੀ ਹੈ।
ਸੋ ਮਾਨਵਤਾ ਦੇ ਅਧਾਰ ਉਤੇ ਜੇਕਰ ਸਰਕਾਰ ਨੇੜ ਭਵਿੱਖ ਅਜਿਹਾ ਕਰਨ ਦਾ ਇਜ਼ਾਜਤ ਦਿੰਦੀ ਹੈ ਤਾਂ ਭਾਈਚਾਰੇ ਦੀ ਮਦਦ ਨਾਲ ਪੰਜਾਬੀ ਕਮਿਊਨਿਟੀ ਆਪਣਾ ਚਾਰਟਰ ਜਹਾਜ਼ ਲੈ ਕੇ ਪੰਜਾਬ ਦੇ ਵਿਚੋਂ ਆਪਣੇ ਨਾਗਰਿਕ, ਪੀ. ਆਰ. ਵੱਖ-ਵੱਖ ਵੀਜ਼ਾ ਧਾਰਕ ਵਾਪਿਸ ਬੁਲਾ ਸਕਦੀ ਹੈ। ਹੋਰ ਵੀ ਕਈ ਅਦਾਰਿਆਂ, ਵਿਅਕਤੀਗਤ (ਸ. ਖੜਗ ਸਿੰਘ) ਅਤੇ ਮਾਈਗ੍ਰਾਂਟ ਸੰਸਥਾਵਾਂ ਨੇ ਅਜਿਹੀਆਂ ਚਿੱਠੀਆਂ ਲਿਖੀਆਂ ਹਨ। ਲੋਕਾਂ ਨੂੰ ਵੀ ਅਪੀਲ ਹੈ ਕਿ ਆਪਣੇ ਅਧਾਰ ਉਤੇ ਅਜਿਹੀਆਂ ਚਿੱਠੀਆਂ ਲਿਖਣ ਦੀ ਕ੍ਰਿਪਾਲਤਾ ਕਰਨ।