ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 16 ਸਤੰਬਰ 2020 – ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਔਕਲੈਂਡ ਖੇਤਰ ਦੇ ਵਿਚ ਲਾਕਡਾਊਨ 2.5 ਅਤੇ ਬਾਕੀ ਦੇਸ਼ ਵਿਚ ਲਾਕਡਾਊਨ 2 ਚੱਲ ਰਿਹਾ ਹੈ। ਸਰਕਾਰ ਕੋਸ਼ਿਸ਼ ਵਿਚ ਹੈ ਕਿ ਤਿੰਨ ਮਹੀਨੇ ਬਾਅਦ ਦੁਬਾਰਾ ਪ੍ਰਗਟ ਹੋਇਆ ਕਰੋਨਾ ਕਿਸੀ ਨਾ ਕਿਸੀ ਤਰ੍ਹਾਂ ਖਤਮ ਕੀਤਾ ਜਾਵੇ ਪਰ ਇਸਦੇ ਬਾਵਜੂਦ ਕੋਈ ਨਾ ਕੋਈ ਕੇਸ ਨਿਕਲ ਰਿਹਾ ਹੈ। ਅੱਜ ਜਿੱਥੇ ਇਕ ਹੋਰ ਨਵਾਂ ਕੇਸ ਆਇਆ ਉਥੇ ਇਕ ਹੋਰ 54 ਸਾਲਾ ਵਿਅਕਤੀ ਦੀ ਵਾਇਕਾਟੋ ਹਸਪਤਾਲ ਹਮਿਲਟਨ ਵਿਖੇ ਮੌਤ ਹੋ ਗਈ ਜਿਸ ਤੋਂ ਬਾਅਦ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਅੱਜ ਦਾ ਨਵਾਂ ਕੇਸ ਦੁਬਈ ਤੋਂ ਆਈ 30 ਸਾਲਾ ਮਹਿਲਾ ਨਾਲ ਸਬੰਧਿਤ ਹੈ।
ਮਰਨ ਵਾਲੇ ਵਿਅਕਤੀ ਦਾ ਨਾਂਅ ਨਾਈਜ਼ਲ ਹਈਰਾਮਾ ਟੀ ਹੀਕੋ ਸੀ। ਇਸ ਦੀ ਮੌਤ ਉਸ ਦੇ ਵੱਡੇ ਭਰਾ ਦੀ ਮਿਡਲਮੋਰ ਹਸਪਤਾਲ ਵਿੱਚ ਮੌਤ ਹੋਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਹੋਈ ਹੈ। ਹੀਕੋ, ਇੱਕ ਸਤਿਕਾਰਤ ਰਾਉਕਾਵਾ ਆਗੂ ਅਤੇ ਇਤਿਹਾਸਕਾਰ ਸੀ ਤੇ ਟੋਕਰੋਆ ਵਿੱਚ ਰਹਿੰਦਾ ਸੀ ਅਤੇ ਆਪਣੇ ਭਰਾ ਦੇ ਸੰਪਰਕ ਵਿੱਚ ਆਉਣ ਨਾਲ ਵਾਇਰਸ ਤੋਂ ਸੰਕਰਮਿਤ ਹੋਇਆ ਸੀ ਜੋ ਅਮੇਰਿਕੋਲਡ ਵਿਖੇ ਕੰਮ ਕਰਦਾ ਸੀ। ਉਹ ਆਕਲੈਂਡ ਕਲੱਸਟਰ ਦਾ ਹਿੱਸਾ ਬਣਿਆ ਸੀ। ਉਸ ਦੇ ਭਰਾ ਦਾ 5 ਸਤੰਬਰ ਨੂੰ ਦੇਹਾਂਤ ਹੋਇਆ ਸੀ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 79 ਰਹਿ ਗਈ ਹੈ, ਜਿਨਾਂ ਵਿੱਚੋਂ 53 ਕੇਸ ਕਮਿਊਨਿਟੀ ਅਤੇ 26 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਕੋਵਿਡ -19 ਤੋਂ ਕੱਲ੍ਹ 4 ਵਿਅਕਤੀ ਠੀਕ ਹੋਏ ਹਨ। ਕੱਲ੍ਹ ਲੈਬ ਵੱਲੋਂ ਲਗਭਗ 9,000 ਤੋਂ ਵੱਧ ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 881,532 ਟੈੱਸਟ ਪੂਰੇ ਹੋ ਗਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1802 ਕੇਸ ਹਨ। ਜਿਨ੍ਹਾਂ ਵਿੱਚੋਂ 1,451 ਪੁਸ਼ਟੀ ਕੀਤੇ ਗਏ ਤੇ 351 ਸੰਭਾਵਿਤ ਰਹੇ ਹਨ। ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1698 ਹੈ। ਨਿਊਜ਼ੀਲੈਂਡ ਵਿੱਚ 3 ਵਿਅਕਤੀ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 2 ਗੰਭੀਰ ਹਨ।