ਨਿਊਜ਼ੀਲੈਂਡ ਦੀਆਂ ਜੇਲ੍ਹਾਂ ਨੂੰ ਕੋਰੋਨਾ ਮੁਕਤ ਰੱਖਣ ਲਈ ਸਿੱਖ ਅਫਸਰ ਦਾ ਚਿਹਰਾ ਮੀਡੀਆ 'ਚ ਚਮਕਿਆ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 20 ਮਈ, 2020 : ਵੱਖ-ਵੱਖ ਦੇਸ਼ਾਂ ਦੇ ਮੁਕਾਬਲੇ ਨਿਊਜ਼ੀਲੈਂਡ ਦੀਆਂ ਜ਼ੇਲ੍ਹਾਂ ਕੋਰੋਨਾ ਮੁਕਤ ਰਹੀਆਂ ਹਨ। ਸਿਰਫ ਬੀਤੇ ਦਿਨੀਂ ਇਕ ਮਹਿਲਾ ਕੋਰੋਨਾ ਪਾਜ਼ੀਟਿਵ ਪਾਈ ਗਈ ਜੋ ਕਿ ਅਮਰੀਕਾ ਤੋਂ ਵਾਪਸ ਪਰਤੀ ਸੀ ਅਤੇ ਆਪਣਾ ਕਰੋਨਾ ਟੈਸਟ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਰਕੇ ਉਸਨੂੰ ਕਸਟਡੀ ਵਿਚ ਲੈਣਾ ਪਿਆ ਸੀ। ਬਾਅਦ ਵਿਚ ਉਸਦੀ ਸਹਿਮਤੀ ਬਾਅਦ ਟੈਸਟ ਕੀਤਾ ਗਿਆ ਅਤੇ ਉਸਨੂੰ ਉਸਦੇ ਘਰ ਵਿਚ ਹੀ ਵਿਸ਼ੇਸ਼ ਤੌਰ 'ਤੇ ਅਲੱਗ ਰੱਖਿਆ ਗਿਆ।
ਨਿਊਜ਼ੀਲੈਂਡ ਜ਼ੇਲ੍ਹਾਂ ਦੇ ਕੈਦੀਆਂ ਦੇ ਰੱਖ-ਰਖਾਵ ਲਈ ਲੱਗੇ ਕੁਰੈਕਸ਼ਨ ਅਫਸਰਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਹੈ। ਬੀਤੇ 14 ਸਾਲਾਂ ਤੋਂ ਵੱਧ ਸਮੇਂ ਤੋਂ ਕੁਰੈਕਸ਼ਨ ਅਫਸਰ ਦੀ ਨੌਕਰੀ ਕਰ ਰਹੇ ਜਸਜੀਤ (ਸੈਮੀ) ਸਿੰਘ ਦੀ ਵਰਦੀਧਾਰੀ ਤਸਵੀਰ ਕੱਲ੍ਹ ਇਥੇ ਦੇ ਰਾਸ਼ਟਰੀ ਮੀਡੀਆ ਵਿਚ ਛਾਈ ਰਹੀ। ਉਹ ਹੈਲਥ ਅਤੇ ਸੇਫਟੀ ਦੇ ਨਾਲ-ਨਾਲ ਯੂਨੀਅਨ ਦੇ ਪ੍ਰਤੀਨਿਧ ਵੀ ਹਨ। ਮੈਨੇਜਮੈਂਟ ਵੱਲੋਂ ਜਸਜੀਤ ਸਿੰਘ ਦੇ ਕੰਮ ਦੀ ਰਸਮੀ ਤਰੀਫ ਵੀ ਹੋ ਚੁੱਕੀ ਹੈ। ਕੋਰਟ ਤੋਂ ਬਾਅਦ ਜਿੱਥੇ ਪਹਿਲਾਂ ਕੋਈ ਕੈਦੀ ਜਾਂ ਅਪਰਾਧੀ ਪਹੁੰਚਦਾ ਹੈ ਤਾਂ ਜਸਜੀਤ ਸਿੰਘ ਦੀ ਜੌਬ ਉਥੋਂ ਸ਼ੁਰੂ ਹੋ ਜਾਂਦੀ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ। ਕਰੋਨਾ ਮਹਾਂਮਾਰੀ ਦੇ ਚਲਦਿਆਂ ਇਨ੍ਹਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਅਤੇ ਜੇਲ੍ਹਾਂ ਨੂੰ ਕੋਰੋਨਾ ਮੁਕਤ ਰੱਖਣ ਦੇ ਵਿਚ ਆਪਣਾ ਯੋਗਦਾਨ ਪਾਇਆ।
ਕੋਰੋਨਾ ਤਾਲਾਬੰਦੀ 4 ਅਤੇ ਤਾਲਾਬੰਦੀ 3 ਦੌਰਾਨ ਕੁਰੈਕਸ਼ਨ ਅਫਸਰਾਂ ਦਾ ਰੋਲ ਬਹੁਤ ਅਹਿਮ ਰਿਹਾ ਹੈ ਕਿਉਂਕਿ ਇਸ ਦੌਰਾਨ ਬਿਮਾਰੀ ਫੈਲਣ ਦਾ ਬਹੁਤ ਖਤਰਾ ਸੀ। ਤਾਲਾਬੰਦੀ -2 ਦੌਰਾਨ ਇਨ੍ਹਾਂ ਸਾਰੇ ਕੁਰੈਕਸ਼ਨ ਅਫਸਰਾਂ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ ਹੈ। ਅਮਰੀਕਾ ਦੀ ਰਿਕਰਜ਼ ਆਈਲੈਂਡ ਜੇਲ੍ਹ ਨਿਊਯਾਰਕ ਦੇ ਵਿਚ 700 ਕੋਰੋਨਾ ਕਰੋਨਾ ਦੀ ਚਪੇਟ ਵਿਚ ਆ ਗਏ ਸਨ ਪਰ ਨਿਊਜ਼ੀਲੈਂਡ ਬਿਲਕੁਲ ਸਾਫ ਰਿਹਾ ਹੈ। ਨਿਊਜ਼ੀਲੈਂਡ ਦੇ ਕੁਝ ਕੁਰੈਕਸ਼ਨ ਅਫਸਰ ਇਸ ਮਹਾਂਮਾਰੀ ਕਾਰਨ ਆਪਣੇ ਘਰ ਜਾ ਬੱਚਿਆਂ ਨਾਲ ਘੁਲ-ਮਿਲ ਨਾ ਸਕੇ ਸਗੋਂ ਉਹ ਆਪਣੀ ਕਾਰ ਗੈਰਾਜ ਦੇ ਵਿਚ ਹੀ ਸੌਂ ਕੇ ਮੁੜ ਕੰਮ 'ਤੇ ਆਉਂਦੇ ਰਹੇ। ਕੁਝ ਅਫਸਰ 2 ਮਹੀਨੇ ਤੱਕ ਘਰ ਜਾਣ ਦੀ ਬਜਾਏ ਅਲੱਗ ਕਿਤੇ ਰਹਿੰਦੇ ਰਹੇ ਤਾਂ ਕਿ ਉਹ ਕੰਮ 'ਤੇ ਕੋਰੋਨਾ ਮੁਕਤ ਜਾਣ ਅਤੇ ਦੂਜਿਆਂ ਦਾ ਵੀ ਬਚਾਅ ਕਰ ਸਕਣ। ਕੁਰੈਕਸ਼ਨਜ਼ ਨਿਊਜ਼ੀਲੈਂਡ ਨੇ ਆਪਣੇ ਫੇਸਬੁੱਕ ਪੇਜ਼ ਉਤੇ ਵੀ ਜਸਜੀਤ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਦੇ ਨਾਂਅ ਹੇਠ ਕੁਝ ਤਾਰੀਫੀ ਲਾਈਨਾਂ ਲਿਖ ਕੇ ਇਸ ਰਾਸ਼ਟਰੀ ਖਬਰ ਨੂੰ ਸ਼ੇਅਰ ਕੀਤਾ ਹੈ। ਸੋ ਨਿਊਜ਼ੀਲੈਂਡ ਦੀਆਂ ਜ਼ੇਲ੍ਹਾਂ ਜਿੱਥੇ ਅਪਰਾਧੀਆਂ ਨੂੰ ਅੰਦਰ ਡੱਕੀ ਰੱਖਣ ਵਿਚ ਕਾਮਯਾਬ ਰਹੀਆਂ ਹਨ ਉਥੇ ਕਰੋਨਾ ਵਰਗੀ ਮਹਾਂਮਾਰੀ ਨੂੰ ਜ਼ੇਲ੍ਹਾਂ ਅੰਦਰ ਵੜ੍ਹਨ ਨਹੀਂ ਦਿੱਤਾ ਗਿਆ। ਜੇਲ੍ਹਾਂ ਅੰਦਰ ਪੱਗ ਦੀ ਸ਼ਾਨ ਬਰਕਰਾਰ ਰੱਖਣ ਦੇ ਲਈ ਜਸਜੀਤ ਸਿੰਘ (ਸੈਮੀ) ਨੂੰ ਬਹੁਤ-ਬਹੁਤ ਵਧਾਈ।