ਹਰੀਸ਼ ਕਾਲੜਾ
- ਅਹਿਤਿਆਤ ਦੇ ਤੌਰ ਤੇ 14 ਦਿਨਾਂ ਤੱਕ ਰੱਖਿਆ ਜਾਵੇਗਾ ਹੋਮ ਕੁਆਰਨਟਾਇਨ
- ਪਿੰਡ ਚਤਾਮਲੀ ਨਿਵਾਸੀਆਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ, ਫਿਲਹਾਲ ਯੁਵਕ ਪੂਰੀ ਤਰ੍ਹਾਂ ਹੈ ਸਿਹਤਮੰਦ
ਰੂਪਨਗਰ, 21 ਅਪ੍ਰੈਲ 2020 - ਜ਼ਿਲ੍ਹਾ ਰੋਪੜ ਦੇ ਸਬ ਡਵੀਜ਼ਨ ਮੋਰਿੰਡਾ ਦੇ ਪਿੰਡ ਚਤਾਮਲੀ ਨਿਵਾਸੀ 16 ਸਾਲਾਂ ਨੌਜਬਾਨ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਸਨੂੰ ਆਪਣੇ ਪਿੰਡ ਚਤਾਮਲੀ ਘਰ ਵਿੱਚ ਭੇਜ਼ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਨੌਜਵਾਨ ਨੇ ਬੜੀ ਬਹਾਦਰੀ ਦੇ ਨਾਲ ਕੋਰੋਨਾ ਦੀ ਬਿਮਾਰੀ ਦਾ ਸਹਾਮਣਾ ਕੀਤਾ ਅਤੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਇਸ ਬਿਮਾਰੀ ਨੂੰ ਮਾਤ ਦਿੰਦੇ ਹੋਏ ਪੂਰੀ ਤਰ੍ਹਾ ਨਾਲ ਸਿਹਤਮੰਦ ਹੋ ਕੇ ਘਰ ਪਹੁੰਚ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਕੇਵਲ ਅਹਿਤਿਆਤ ,ਸ਼ੋਸ਼ਲ ਡਿਸਟੈਂਸ , ਮਾਸਕ ਅਤੇ ਨਿਯਮਾਂ ਦਾ ਪਾਲਣ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਜੇ ਕਿਸੇ ਨੂੰ ਖਾਂਸੀ,ਬੁਖਾਰ, ਜੁਕਾਮ ਜਾਂ ਕਰੋਨਾ ਵਾਇਰਸ ਸਬੰਧੀ ਹੋਰ ਕੋਈ ਲੱਛਣ ਹੈ ਤਾਂ ਤੁਰੰਤ ਸਿਹਤ ਕੇਂਦਰ ਅਤੇ ਹੈਲਪਲਾਇਨ ਨੰਬਰਾਂ ਤੇ ਸੰਪਰਕ ਕਰਨ। ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ ਤਾਂ ਨਿਸ਼ਚਿਤ ਤੌਰ ਤੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ ਇਸ ਬਿਮਾਰੀ ਦੇ ਚੁਗੰਲ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਯੁਵਕ ਨੂੰ ਅਹਿਤਿਆਤ ਦੇ ਤੌਰ ਤੇ 14 ਦਿਨਾਂ ਵਾਸਤੇ ਹੋਮ ਕੋਅਰਨਟਾਇਨ ਰੱਖਿਆ ਜਾਵੇਗਾ। ਚਤਾਮਲੀ ਪਿੰਡ ਵਾਸੀਆਂ ਨੂੰ ਵੀ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਯੁਵਕ ਦੀ ਰਿਪੋਰਟ ਦੂਸਰੀ ਵਾਰ ਨੈਗੇਟਿਵ ਆਈ ਹੈ। ਫਿਲਹਾਲ ਇਹ ਯੁਵਕ ਪੂਰੀ ਤਰ੍ਹਾਂ ਨਾਲ ਠੀਕ ਹੈ। ਉਨ੍ਹਾਂ ਦੱਸਿਆ ਕਿ ਉਕਤ ਯੁਵਕ ਦੀ ਮਾਤਾ ਦੀ ਸਿਹਤ ਵਿੱਚ ਸੁਧਾਰ ਹੈ। ਉਨ੍ਹਾਂ ਦੇ ਸੈਂਪਲ ਲੈ ਕੇ ਵੀ ਲੈਬੋਰਟਰੀ ਵਿੱਚ ਭੇਜੇ ਗਏ ਹਨ। ਜਿਸ ਦੀ ਰਿਪੋਰਟ ਕੱਲ ਤੱਕ ਆ ਜਾਵੇਗੀ। ਜੇਕਰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਉਂਦੀ ਤਾਂ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਾਅਦ ਘਰ ਭੇਜ਼ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਵਿੱਚ 02 ਹੀ ਕੇਸ ਪਾਜ਼ੀਟਿਵ ਸਨ, ਜ਼ਿਨ੍ਹਾਂ ਵਿਚੋਂ ਹੁਣ ਇੱਕ ਦੀ ਰਿਪੋਰਟ ਨੈਗਟਿਵ ਆ ਗਈ ਹੈ ਅਤੇ ਦੂਜੀ ਪਾਜ਼ੀਟਿਵ ਮਹਿਲਾ ਦੀ ਦੂਸਰੀ ਰਿਪੋਰਟ ਕੱਲ ਤੱਕ ਆ ਜਾਵੇਗੀ। ਉਨ੍ਹਾ ਨੇ ਕਿਹਾ ਕਿ ਜ਼ਿਲ੍ਹਾ ਵਾਸੀ ਕਰਫਿਊ ਦੇ ਨਿਯਮਾਂ ਦੇ ਪਾਲਣ ਕਰਨ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਣ।