ਜੀ ਐਸ ਪੰਨੂ
ਪਟਿਆਲਾ, 16 ਅਪ੍ਰੈਲ 2020 - ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਤੇ ਉਨ੍ਹਾਂ ਦੇ ਸਪੁੱਤਰ ਦੋਵਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ ਮਲੋਹਤਰਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਪਟਿਆਲਾ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਤੇ ਉਨਾਂ ਦਾ ਸਪੁੱਤਰ ਦੋਵਾਂ ਦੀਆਂ ਰਿਪੋਰਟਾਂ ਪੂਰੀ ਤਰਾਂ ਨੈਗਟਿਵ ਆਈਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋ ਸੁਚੇਤ ਰਹੋ । ਡਾਕਟਰ ਹਰੀਸ ਮਲੋਹਤਰਾ ਨੇ ਕਿਹਾ ਕਿ ਯੋਗੀ ਤੇ ਉਨਾਂ ਦਾ ਸਪੁੱਤਰ ਆਪ ਸਵੇਰੇ ਹਸਪਤਾਲ ਵਿਚ ਕੋਰੋਨਾਂ ਟੈਸਟ ਕਰਾਉਣ ਆਏ ਸਨ। ਉਨ੍ਹਾਂ ਕਿਹਾ ਕਿ ਇਸ ਤੋ ਬਿਨਾਂ ਅੱਠ ਹੋਰ ਮਰੀਜ ਨੈਗੇਟਿਵ ਆਏ ਹਨ। ਪਟਿਆਲਵੀਆਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਅਫਵਾਹਾਂ ਤੋ ਪੂਰੀ ਤਰਾਂ ਸੁਚੇਤ ਰਹਿਣ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਵੱਖ-ਵੱਖ ਟੀਮਾਂ ਨੇ ਕੋਵਿਡ-19 ਦੇ ਲੱਛਣਾਂ ਬਾਰੇ ਸਕਰੀਨਿੰਗ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਟੀਮਾਂ ਨੇ ਸਿਹਤ ਵਿਭਾਗ ਵੱਲੋਂ ਜਾਰੀ ਪ੍ਰਸ਼ਨਾਵਲੀ ਮੁਤਾਬਕ ਸ਼ਹਿਰ ਵਾਸੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਸਮੁੱਚੀ ਜਾਣਕਾਰੀ ਰਜਿਸਟਰਾਂ ਵਿੱਚ ਦਰਜ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਬਾਰੇ ਪੁੱਛੇ ਗਏ ਪ੍ਰਸ਼ਨਾਂ ਦੇ ਉਤਰ ਦੇ ਕੇ ਮੁਕੰਮਲ ਜਾਣਕਾਰੀ ਪ੍ਰਦਾਨ ਕਰਨ ਤਾਂ ਕਿ ਸ਼ਹਿਰ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਸਾਰੀ ਸਕਰਿਨਿੰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਰੋਵਰ, ਐਸ.ਐਮ.ਓ. ਮਾਡਲ ਟਾਊਨ ਡਾ. ਨਵਜਿੰਦਰ ਸੋਢੀ, ਐਸ.ਐਮ.ਓ. ਤ੍ਰਿਪੜੀ ਡਾ. ਅੰਜਨਾ ਗੁਪਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਗੁਲਬਹਾਰ ਸਿੰਘ ਤੂਰ ਵੱਲੋਂ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰੀ ਤੇ ਦਿਹਾਤੀ ਇਲਾਕੇ ਵਿੱਚ ਜਿਵੇਂ ਵਿਕਾਸ ਨਗਰ, ਰਣਜੀਤ ਨਗਰ, ਅਨੰਦ ਨਗਰ, ਤ੍ਰਿਪੜੀ, ਧੀਰੂ ਕੀ ਮਾਜਰੀ, ਮਾਡਲ ਟਾਊਨ, ਬਿਸ਼ਨ ਨਗਰ, ਗੋਬਿੰਦ ਨਗਰ, ਰਾਘੋਮਾਜਰਾ, ਘੇਰ ਸੋਢੀਆਂ, ਬੀ ਟੈਂਕ, ਅਰਜਨ ਨਗਰ, ਬਾਲਮਿਕੀ ਬਸਤੀ, ਆਰਿਆ ਸਮਾਜ, ਨਾਭਾ ਗੇਟ, ਮੋਤੀ ਬਾਗ, ਵਿਰਕ ਕਲੋਨੀ, ਦਾਰੂ ਕੁਟੀਆ, ਨਿਊ ਯਾਦਵਿੰਦਰਾ ਕਲੋਨੀ ਆਦਿ ਇਲਾਕਿਆਂ ਵਿੱਚ ਘਰ-ਘਰ ਜਾ ਕੇ ਸਕਰੀਨਿੰਗ ਕੀਤੀ ਗਈ ਹੈ। ਇੱਕ-ਇੱਕ ਵਰਕਰ ਵੱਲੋਂ ਤਕਰੀਬਨ 50 ਤੋਂ 60 ਘਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ।