ਜੀ ਐਸ ਪੰਨੂ
ਪਟਿਆਲਾ, 23 ਮਾਰਚ 2020: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਅੰਦਰ ਤੁਰੰਤ ਪ੍ਰਭਾਵ ਨਾਲ ਕਰਫ਼ਿਊ ਲਾਗੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਲਈ ਰਾਜ ਅੰਦਰ ਪਹਿਲਾਂ ਹੀ ਲਾਗੂ ਕੀਤੇ 'ਪੰਜਾਬ ਐਪੀਡੈਮਿਕ ਡਿਸੀਜ਼, ਕੋਵਿਡ-19 ਨਿਯਮਾਂ' ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਐਪੀਡੈਮਿਕ ਡੀਸੀਜ਼ ਐਕਟ, 1897 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ 'ਪੰਜਾਬ ਐਪੀਡੈਮਿਕ ਡਿਸੀਜ਼, ਕੋਵਿਡ-19 ਨਿਯਮਾਂ' ਦੇ ਰੂਲ 12 ਤਹਿਤ ਜ਼ਿਲ੍ਹਾ ਪਟਿਆਲਾ ਅੰਦਰ 31 ਮਾਰਚ 2020 ਤੱਕ ਮੁਕੰਮਲ ਬੰਦ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਸਨ ਅਤੇ ਹੁਣ ਲੋਕਾਂ ਦੀ ਸਮਾਜਿਕ ਦੂਰੀ ਅਤੇ ਇਕੱਲਤਾ ਨੂੰ ਬਰਕਰਾਰ ਰੱਖਣ ਲਈ ਲੋਕਾਂ ਵੱਲੋਂ ਕੀਤੀ ਜਾ ਰਹੀ ਗ਼ੈਰਜ਼ਰੂਰੀ ਆਵਾਜਾਈ ਬੰਦ ਕਰਨ ਲਈ ਇਹ ਹੁਕਮ ਲਾਗੂ ਕਰਨੇ ਬੇਹੱਦ ਲਾਜਮੀ ਹੋ ਗਏ ਸਨ, ਤਾਂਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਗੂ ਕਰਫ਼ਿਊ ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਦੀ ਸੰਭਾਵਨਾ ਅਤੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਲੋਕਾਂ ਦੀ ਅਜਿਹੀ ਗ਼ੈਰਜ਼ਰੂਰੀ ਆਵਾਜਾਈ ਨੇ ਆਮ ਨਾਗਰਿਕਾਂ ਦੀ ਜਾਨ, ਸਿਹਤ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਸੀ। ਇਸ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਅਗਲੇ ਹੁਕਮਾਂ ਤੱਕ ਕਰਫ਼ਿਊ ਲਗਾਉਣ ਦਾ ਐਲਾਨ ਕੀਤਾ ਹੈ।
ਕੁਮਾਰ ਅਮਿਤ ਨੇ ਕਿਹਾ ਕਿ ਕਰਫ਼ਿਊ ਦੌਰਾਨ ਕਿਸੇ ਵੀ ਵਿਅਕਤੀ ਨੂੰ ਕਿਸੇ ਹੰਗਾਮੀ ਸਥਿਤੀ ਤੋਂ ਬਗ਼ੈਰ ਆਪਣੇ ਘਰਾਂ ਵਿੱਚੋਂ ਪੈਦਲ ਜਾਂ ਕਿਸੇ ਵਹੀਕਲ ਰਾਹੀਂ ਨਿਕਲਣ ਅਤੇ ਖੁੱਲ੍ਹੇਆਮ ਸੜਕਾਂ ਜਾਂ ਜਨਤਕ ਥਾਵਾਂ 'ਤੇ ਘੁੰਮਣ-ਫਿਰਨ ਦੀ ਇਜ਼ਾਜਤ ਨਹੀਂ ਹੋਵੇਗੀ।
ਇਹ ਹੁਕਮ ਅਮਨ-ਕਾਨੂੰਨ ਤੇ ਐਮਰਜੈਂਸੀ ਸੇਵਾਵਾਂ ਦੀ ਡਿਊਟੀ 'ਤੇ ਤਾਇਨਾਤ ਕਾਰਜ਼ਕਾਰੀ ਮੈਜਿਸਟਰੇਟਾਂ, ਵਰਦੀਧਾਰੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਤੇ ਅਰਧ ਸੁਰੱਖਿਆ ਬਲਾਂ ਸਮੇਤ ਸਿਹਤ, ਕੋਵਿਡ-19 ਨਾਲ ਸਬੰਧਤ ਡਿਊਟੀ 'ਤੇ ਤਾਇਨਾਤ ਸਰਕਾਰੀ ਮਸ਼ੀਨਰੀ ਸਮੇਤ ਜ਼ਿਲ੍ਹਾ ਮੈਜਿਸਟਰੇਟ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਬ ਡਵੀਜਨਲ ਮੈਜਿਸਟਰੇਟ, ਸਹਾਇਕ ਕਮਿਸ਼ਨਰ ਜਨਰਲ, ਸੰਯੁਕਤ ਕਮਿਸ਼ਨਰ ਨਗਰ ਨਿਗਮ, ਸੀ.ਐਮ.ਓ. ਜਾਂ ਹੋਰ ਅਧਿਕਾਰਤ ਅਧਿਕਾਰੀਆਂ ਵੱਲੋਂ ਲਾਗੂ ਪਰਮਿਟ ਵਾਲਿਆਂ 'ਤੇ ਹੰਗਾਮੀ ਸਥਿਤੀ ਦੇ ਮੱਦੇਨਜ਼ਰ ਇਹ ਹੁਕਮ ਆਮ ਜਨਤਾ ਨੂੰ ਸੰਬੋਧਤ ਹੁੰਦੇ ਹੋਏ ਇੱਕ ਤਰਫ਼ਾ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਦੀ ਪਾਲਣਾ ਸਖ਼ਤੀ ਨਾਲ ਕਾਰਜਕਾਰੀ ਮੈਜਿਸਟਰੇਟਾਂ (ਵਿਸ਼ੇਸ਼ ਤੌਰ 'ਤੇ ਤਾਇਨਾਤ ਕਾਰਜਕਾਰੀ ਮੈਜਿਸਟਰੇਟਾਂ ਸਮੇਤ), ਪੁਲਿਸ ਅਧਿਕਾਰੀਆਂ, ਪੁਲਿਸ ਵੱਲੋਂ ਕਰਵਾਈ ਜਾਣੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਨ੍ਹਾਂ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ