ਜੀ ਐਸ ਪੰਨੂ
ਪਟਿਆਲਾ, 14 ਮਈ 2020 - ਕੋਵਿਡ ਜਾਂਚ ਸਬੰਧੀ ਲੈਬ ਵਿੱਚ ਭੇਜੇ ਗਏ 103 ਸੈਂਪਲਾ ਵਿਚੋਂ 102 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ, ਜਿਹਨਾਂ ਵਿਚੋਂ ਦਿੱਲੀ ਤੋਂ ਪਰਤੇ 15 ਯਾਤਰੀ, ਜੋ ਕਿ ਮਾਡਲਟਾਊਨ ਦੇ ਸਕੂਲ ਵਿੱਚ ਏਕਾਂਤਵਾਸ ਵਿਚ ਠਹਿਰਾਏ ਗਏ ਸਨ, ੳਹਨਾਂ ਵਿਚੋਂ ਇੱਕ ਵਿਅਕਤੀ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ ਜੋ ਕਿ ਰਾਜਪੁਰਾ ਇਲਾਕੇ ਨਾਲ ਸਬੰਧਤ ਹੈ।
ਰਿਪੋਰਟ ਪ੍ਰਾਪਤ ਹੋਣ ਤੇਂ ਤੁਰੰਤ ਆਰ.ਆਰ.ਟੀ.ਟੀਮ ਰਾਹੀਂ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਅੱਜ ਲੋਕਲ ਪਟਿਆਲਾ ਵਿਚੋ ਕੋਈ ਵੀ ਕੇਸ ਰਿਪੋਰਟ ਨਹੀ ਹੋਇਆ ਅਤੇ ਜੋ ਵੀ ਪਾਜ਼ੀਟਿਵ ਕੇਸ ਆਇਆ ਹੈ ਉਹ ਦਿੱਲੀ ਤੋਂ ਆਏ ਯਾਤਰੀਆਂ ਨਾਲ ਸਬੰਧਤ ਹੈ। ਰਾਜਿੰਦਰਾ ਹਸਪਤਾਲ ਵਿਚ ਦਾਖਲ 21 ਹੋਰ ਮਰੀਜ ਜਿਹਨਾਂ ਵਿਚੋ ਰਾਜਪੁਰਾ ਅਤੇ ਪਟਿਆਲਾ ਦੇ ਸਫਾਬਾਦੀ ਗੇਟ ਏਰੀਏ ਵਿਚ ਰਹਿਣ ਵਾਲੇ ਹਨ, ਦੀਆਂ ਕੋਰੋਨਾ ਜਾਂਚ ਸਬੰਧੀ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੇ ਹਨ, ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਇਸ ਬਿਮਾਰੀ ਦੇ ਡਰ ਕਾਰਨ ਜਾਂ ਪਰਿਵਾਰ ਤੋਂ ਦੂਰ ਰਹਿਣ ਕਾਰਣ ਕਿਸੇ ਕਿਸਮ ਦੀ ਮਾਨਸਿਕ ਪਰੇਸ਼ਾਨੀ ਤੋਂ ਦੂਰ ਰੱਖਣ ਲਈ ਸਿਹਤ ਸੰਸਥਾਂਵਾ ਦੇ ਕਾਉਂਸਲਰਾਂ ਵੱਲੋ ਇਹਨਾਂ ਸਕੂਲਾਂ ਵਿਚ ਜਾ ਕੇ ਏਕਾਂਤਵਾਸ ਵਿਚ ਰਹਿ ਰਹੇ ਵਿਅਕਤੀਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਕਰੋਨਾ ਬਿਮਾਰੀ ਤੋਂ ਭੈਅ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਦ੍ਰਿੜ ਮਾਨਸਿਕ ਸ਼ਕਤੀ ਅਤੇ ਵਧੀਆ ਖੁਰਾਕ ਨਾਲ ਹੀ ਇਸ ਬਿਮਾਰੀ ਨੂੰ ਅਸਾਨੀ ਨਾਲ ਹਰਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਹਨਾਂ ਕਾਉਂਸਲਰਾ ਵੱਲੋ ਏਕਾਂਤਵਾਸ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ,ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਵਰਗੀਆਂ ਸਾਵਧਾਨੀਆਂ ਵਰਤਣ ਲਈ ਸਮਝਾਇਆ ਜਾ ਰਿਹਾ ਹੈ। ਸੋ ਅੱਜ ਦੋ ਜ਼ਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 74 ਸੈਂਪਲ ਲਏ ਗਏ ਹਨ।
ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2033 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 104 ਕੋਵਿਡ ਪਾਜ਼ੀਟਿਵ ਜੋ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 1863 ਨੈਗਟਿਵ ਅਤੇ 74 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 46 ਕੇਸ ਠੀਕ ਹੋ ਚੁੱਕੇ ਹਨ।