ਰਜਨੀਸ਼ ਸਰੀਨ
- ਪਠਲਾਵਾ ਨੂੰ ਛੱਡ ਕੇ ਬਾਕੀ ਸਾਰੇ ਪਿੰਡਾਂ ਤੋਂ ਪਾਬੰਦੀਆਂ ਹਟਾਈਆਂ
- ਡਿਪਟੀ ਕਮਿਸ਼ਨਰ ਵੱਲੋਂ ਰਸਮੀ ਹੁਕਮ ਜਾਰੀ
ਨਵਾਂਸ਼ਹਿਰ, 12 ਮਈ 2020 - ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਵੱਲੋਂ ਪਠਲਾਵਾ, ਸੁਜੋਂ ਤੇ ਲਧਾਣਾ ਝਿੱਕਾ ’ਚ ਮਾਰਚ 2020 ਦੌਰਾਨ ਕੋਵਿਡ ਕੇਸ ਸਾਹਮਣੇ ਆਉਣ ਬਾਅਦ ਸੀਲ ਕੀਤੇ 15 ਪਿੰਡਾਂ ’ਚੋਂ ਪਠਲਾਵਾ ਨੂੰ ਛੱਡ ਕੇ ਬਾਕੀ ਸਾਰਿਆਂ ’ਚੋਂ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਨੂੰ ਇਸ ਇਲਾਕੇ ’ਚ ਕੋਵਿਡ ਕੇਸਾਂ ਦੀ ਬਹੁਤਾਤ ਹੋਣ ਕਾਰਨ ‘ਹਾਟ ਸਪਾਟ’ ਇਲਾਕਾ ਬਣਨ ਕਾਰਨ ‘ਕੰਨਟੇਨਮੈਂਟ ਪਲਾਨ’ ਅਧੀਨ ਲਿਆ ਕੇ ਸੀਲ ਕੀਤਾ ਗਿਆ ਸੀ। ਪਾਬੰਦੀਆਂ ਦੇ ਘੇਰੇ ਤੋਂ ਬਾਹਰ ਕੱਢੇ ਗਏ ਇਨ੍ਹਾਂ ਪਿੰਡਾਂ ’ਚ ਗੋਬਿੰਦਪੁਰ, ਲਧਾਣਾ ਉੱਚਾ, ਲਧਾਣਾ ਝਿੱਕਾ, ਮਾਹਿਲ ਗਹਿਲਾਂ, ਨੌਰਾ, ਭੌਰਾ, ਪੱਲੀ ਝਿੱਕੀ, ਸੁੱਜੋਂ, ਸੂਰਾਪੁਰ, ਗੁੱਜਰਪੁਰ ਖੁਰਦ, ਪੱਦੀ ਮਠਵਾਲੀ, ਬਾਹਲੋਂ, ਪੱਲੀ ਉੱਚੀ ਤੇ ਹੀਓਂ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਸਿਹਤ ਵਿਭਾਗ ਦੇ ਪ੍ਰੋਟੋਕਾਲ ਮੁਤਾਬਕ ਜਦੋਂ ਕਿਸੇ ਪਿੰਡ ’ਚ ਇੱਕ ਵੀ ਮਾਮਲਾ ਕੋਵਿਡ ਦੇ ਪੀੜਤ ਦਾ ਸਾਹਮਣੇ ਆਉਂਦਾ ਹੈ ਤਾਂ ਉਸ ਪਿੰਡ ਨੂੰ ਸੀਲ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਨੂੰ ਸੀਮਤ ਕਰ ਦਿੱਤਾ ਜਾਂਦਾ ਹੈ ਤਾਂ ਜੋ ਬਿਮਾਰੀ ਹੋਰਾਂ ਲੋਕਾਂ ’ਚ ਨਾ ਫੈਲੇ, ਪਰੰਤੂ ਇਸ ਇਲਾਕੇ ’ਚ ਇੱਕ ਕੋਵਿਡ ਮਰੀਜ਼ ਦੇ ਦੇਹਾਂਤ ਬਾਅਦ ਪਾਜ਼ਿਟਿਵ ਆਉਣ ਅਤੇ ਉਸ ਤੋਂ ਬਾਅਦ ਇਕੱਠੇ 18 ਹੋਰ ਮਰੀਜ਼ਾਂ ਦੇ ਪਾਜ਼ਿਟਿਵ ਆਉਣ ਨਾਲ ਇਹ ਸਾਰਾ ਇਲਾਕਾ ‘ਹਾਟ ਸਪਾਟ’ ਬਣ ਗਿਆ ਸੀ, ਜਿਸ ਕਾਰਨ ਪਠਲਾਵਾ, ਸੁਜੋਂ ਤੇ ਲਧਾਣਾ ਝਿੱਕਾ ਤੋਂ ਬਾਅਦ ਇਨ੍ਹਾਂ ਸਾਰੇ ਪਿੰਡਾਂ ਨੂੰ ਵੀ ਸੀਲ ਕਰਨਾ ਪਿਆ ਸੀ।
ਉਨ੍ਹਾਂ ਦੱਸਿਆ ਕਿ ਕੰਨਟੇਨਮੈਂਟ ਪਲਾਨ ਅਧੀਨ ਲਿਆਉਣ ਬਾਅਦ ਇਨ੍ਹਾਂ ਪਿੰਡਾਂ ’ਚ ਕੋਵਿਡ-19 ਦੇ ਕੇਸਾਂ ਦੀ ਸ਼ਨਾਖ਼ਤ ਲਈ ਵੱਡੇ ਪੱਧਰ ’ਤੇ ਸਕ੍ਰੀਨਿੰਗ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ‘ਕੰਨਟੇਨਮੈਂਟ ਜ਼ੋਨ’ ਤੋਂ ਬਾਹਰ ਆਉਣ ਦਾ ਭਾਵ, ਕੋਵਿਡ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਨੂੰ ਤਿਆਗਣ ਤੋਂ ਨਾ ਲਿਆ ਜਾਵੇ ਸਗੋਂ ਆਪਣੇ ਮੂੰਹ ’ਤੇ ਮਾਸਕ, ਹੱਥਾਂ ਨੂੰ ਵਾਰ-ਵਾਰ ਧੋਣ, ਇਕੱਠ ਨਾ ਕਰਨ ਅਤੇ ਇੱਕ ਦੂਸਰੇ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਜ਼ਰੂਰ ਰੱਖੀ ਜਾਵੇ।