ਫਿਰੋਜ਼ਪੁਰ, 21 ਮਾਰਚ 2020 - ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਕਾਰਨ ਜਾਰੀ ਐੱਡਵਾਈਜ਼ਰੀ ਦੇ ਬਾਵਜੂਦ ਵੀ ਇੱਥੋਂ ਥੋਡ਼ੀ ਦੂਰ ਸਥਿਤ ਪਿੰਡ ਮਹਾਲਮ ਵਿਖੇ ਚੱਲ ਰਿਹਾ ਬਾਬਾ ਹਰਨਾਮ ਸਿੰਘ ਜੀ ਰੱਤੋ ਕੇ ਵਾਲਿਆਂ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ, ਜਿਸ ਨੂੰ ਪੁਲਿਸ ਨੇ ਜਾਕੇ ਬੰਦ ਕਰਵਾਇਆ।
ਜਾਣਕਾਰੀ ਅਨੁਸਾਰ ਮਹਾਲਮ ਪਿੰਡ ਵਿਚ ਚੱਲ ਰਹੇ ਇਸ ਧਾਰਮਿਕ ਮੇਲੇ ਵਿੱਚ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਜ਼ਾਰਾਂ ਦੀ ਤਾਦਾਦ ਵਿਚ ਸ਼ਰਧਾਲੂ ਪੁੱਜੇ ਹੋਏ ਸਨ। ਅਗਰ ਮੇਲੇ ਵਿੱਚ ਪੁੱਜੇ ਕਿਸੇ ਇਕ ਵੀ ਸ਼ਰਧਾਲੂ ਨੂੰ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਕਿੰਨੇ ਲੋਕਾਂ ਤੱਕ ਫੈਲ ਸਕਦਾ ਹੈ ? ਪਰ ਸ਼ਾਇਦ ਵਾਰ ਵਾਰ ਹਦਾਇਤਾਂ ਕਰਨ ਦੇ ਬਾਵਜੂਦ ਵੀ ਲੋਕ ਬਜ਼ਿੱਦ ਹਨ।
ਹਾਲਾਂਕਿ ਸਭ ਦੇ ਸਾਹਮਣੇ ਹੈ ਕਿ ਕੁਝ ਮੁਲਕ, ਜਿਹਨਾਂ ਨੇ ਇਸ ਬਿਮਾਰੀ ਨੂੰ ਗੰਭੀਰ ਨਹੀਂ ਲਿਆ ਸੀ ਨਤੀਜਾ ਭੁਗਤ ਰਹੇ ਹਨ। ਮੇਲੇ 'ਚ ਪੁੱਜੀ ਪੁਲਿਸ ਨੇ ਲੋਕਾਂ ਦੀ ਧਾਰਮਿਕ ਆਸਥਾ ਦਾ ਧਿਆਨ ਰੱਖਦੇ ਹੋਏ ਲੋਕਾਂ ਨੂੰ ਸਮਝਾ ਬੁਝਾ ਕੇ ਘਰਾਂ ਨੂੰ ਤੋਰਿਆ। ਸਮਝਦਾਰ ਲੋਕ ਪੁਲਿਸ ਦੀ ਇਸ ਜਾਗਰੂਕਤਾ ਦੀ ਦਾਦ ਦੇ ਰਹੇ ਹਨ। ਯਾਦ ਰਹੇ ਕਿ ਪੰਜਾਬ ਸਰਕਾਰ ਵਲੋਂ 31 ਮਾਰਚ ਤੱਕ ਕਿਸੇ ਵੀ ਤਰ੍ਹਾਂ ਦੇ ਸਮਾਗਮ ਆਦਿ ਕਰਵਾਉਣ 'ਤੇ ਪੂਰਨ ਪਾਬੰਧੀ ਲਗਾਈ ਗਈ ਹੈ।