ਅਸ਼ੋਕ ਵਰਮਾ
- ਕੋਰੋਨਾ ਵਾਇਰਸ ਦੇ ਖਾਤਮੇ ਲਈ ਹਵਨ ਯੱਗ
ਬਠਿੰਡਾ, 22 ਮਾਰਚ 2020 - ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਅਤੇ ਭਾਰਤ ਵਿਚ ਫੈਲਣ ਤੋਂ ਰੋਕਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ 22 ਮਾਰਚ ਨੂੰ ਜਨਤਾ ਕਰਫ਼ਿਊ ਅਤੇ ਤਾੜੀਆਂ ਵਜਾਉਣ ਤੇ ਥਾਲੀਆਂ ਖੜਕਾਉਣ ਦੇ ਸੱਦੇ ਨੂੰ ਅੱਜ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ’ਚ ਭਰਪੂਰ ਹੁੰਗਾਰਾ ਮਿਲਿਆ। ਬਾਅਦ ਦੁਪਹਿਰ ਤੋਂ ਸ਼ਾਮ ਪੰਜ ਵੱਜਣ ਦੀ ਉਡੀਕ ਕਰਦੇ ਲੋਕ ਘੜੀਆਂ ਦੀਆਂ ਸੂਈਆਂ ਮਿਲਦਿਆਂ ਹੀ ਘਰਾਂ ਤੋਂ ਬਾਹਰ ਆਏ ਅਤੇ ਤਾੜੀਆਂ ਸ਼ੁਰੂ ਕਰ ਦਿੱਤੀਆਂ ਜਦੋਂਕਿ ਬੱਚੇ ਥਾਲੀਆਂ ਵਜਾਉਂਦੇ ਦਿਖਾਈ ਦਿੱਤੇ।
ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੱਗੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਰੋਲ ਨਿਭਾਅ ਰਹੇ ਮੀਡੀਆ ਕਰਮੀਆਂ ਦੀ ਹੌਸਲਾ ਅਫਜ਼ਾਈ ਲਈ ਸ਼ਾਮੀ 5 ਵਜੇ ਥਾਲ਼ੀਆਂ ਖੜਕਾਈਆਂ ਅਤੇ ਤਾੜੀਆਂ ਵਜਾਈਆਂ ਜਾਣ। ਇਸ ਤੋਂ ਬਿਨਾਂ ਸੰਖ ਵਜਾਉਣ ਅਤੇ ਮੰਦਰਾਂ ਦੀਆਂ ਟੱਲੀਆਂ ਖੜਕਾਉਣ ਲਈ ਵੀ ਆਖਿਆ ਗਿਆ ਸੀ। ਅੱਜ ਬਠਿੰਡਾ ਦੇ ਕਈ ਇਲਾਕਿਆਂ ’ਚ ਲੋਕਾਂ ਨੇ ਆਪਣੇ ਘਰਾਂ ਵਿਚ ਰਹਿ ਅਜਿਹਾ ਕਰ ਕੇ ਸਾਰਿਆਂ ਦੀ ਹੌਸਲਾ ਅਫਜਾਈ ਕੀਤੀ ਗਈ।
ਇਸ ਤੋਂ ਬਿਨਾਂ ਸੰਖ ਵਜਾਉਣ ਦੇ ਨਾਲ ਨਾਲ ਮੰਦਰਾਂ ਦੀਆਂ ਟੱਲੀਆਂ ਖੜਕਾ ਕੇ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਦਾ ਸੰੰਦੇਸ਼ ਦਿੱਤਾ ਗਿਆ ਹੈ। ਸਮਾਜਿਕ ਆਗੂ ਸੰਦੀਪ ਅੱਗਰਵਾਲ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਰੋਲ ਨਿਭਾਅ ਰਹੇ ਮੀਡੀਆ ਕਰਮੀਆਂ ਦੀ ਹੌਸਲਾ ਅਫਜ਼ਾਈ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਉਨਾਂ ਆਖਿਆ ਕਿ ਉਨਾਂ ਨੂੰ ਊਮ੍ਰੀਦ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਸੱਦੇ ਪ੍ਰਤੀ ਲੋਕਾਂ ’ਚ ਪਾਏ ਗਏ ਉਤਸ਼ਾਹ ਤੋਂ ਸਪਸ਼ਟ ਹੈ ਕਿ ਭਾਰਤ ਕਰੋਨਾ ਵਾਇਰਸ ਦੇ ਖਤਰੇ ਨੂੰ ਹਰਾ ਕੇ ਮਜਬੂਤ ਤਾਕਤ ਬਣੇਗਾ। ਉਨਾਂ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੇ ਪਹਿਰਾ ਦੇਕੇ ਅਧਿਕਾਰੀਆਂ ਦੇ ਹੱਥ ਮਜਬੂਤ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਓਧਰ ਸਾਇੰਸ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਤਾੜਂ ਮਾਰਨ ਅਤੇ ਥਾਲੀ ਖੜਕਾਉਣ ਨਾਂਲ ਜੋ ਊਰਜਾ ਪੈਦਾ ਹੁੰਦੀ ਹੈ ਉਹ ਹਰ ਤਰਾਂ ਦੇ ਵਾਇਰਸ ਨੂੰ ਖਤਮ ਕਰਦੀ ਹੈ।
ਕੋਰੋਨਾ ਵਾਇਰਸ ਦੇ ਖਾਤਮੇ ਲਈ ਯੱਗ
ਅੱਜ ਭਾਰਤ ਸਵੈਅਿਭਮਾਨ ਟਰੱਸਟ ਦੇ ਜਿਲ੍ਹਾ ਇੰਚਾਰਜ ਵਿਜੇਂਦਰ ਸ਼ਰਮਾ ਨੇ ਆਪਣੇ ਪਰਿਵਾਰ ਨਾਲ ਵਿਸ਼ਵ ਸਾਂਤੀ ਅਤੇ ਕੋਰੋਨਾ ਵਾਇਰਸ ਵਰਗੀ ਖਤਰਨਾਕ ਬਿਮਾਰੀ ਦੇ ਖਾਤਮੇ ਲਈ ਆਪਣੇ ਘਰ ਵਿੱਚ ਹਵਨ ਯੱਗ ਕੀਤਾ। ਵਿਜੇਂਦਰ ਸ਼ਰਮਾ ਨੇ ਦੱਸਿਆ ਕਿ ਪਤੰਜਲੀ ਯੋਗਪੀਠ ਹਰਿਦੁਆਰ ਵਿਖੇ ਇਕ ਵਿਸ਼ਾਲ ਯੱਗ ਕਰਨ ਉਪਰੰਤ ਸਵਾਮੀ ਰਾਮਦੇਵ ਵੱਲੋਂ ਦੇਸ਼ ਭਰ ਦੇ ਸਮੂਹ ਵਰਕਰਾਂ ਨੂੰ ਆਪਣੇ ਘਰ ਬੈਠਣ ਅਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਅਜਿਹੇ ਹਵਨ ਯੱਗ ਕਰਨ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਹਵਨ ਯੱਗ ਲਈ ਵਰਤੀ ਜਾਂਦੀ ਸਮੱਗਰੀ ਕਾਰਨ ਬਣਦੀ ਭਾਫ ਵਾਤਾਵਰਨ ਨੂੰ ਸਾਫ ਕਰਦੀ ਹੈ ਅਤੇ ਵਾਇਰਸ ਖਤਮ ਹੁੰਦੇ ਹਨ। ਉਨਾਂ ਦੱਸਿਆ ਕਿ ਜਿੱਥੇ ਵੀ ਹਵਨ ਯੱਞ ਕੀਤੇ ਗਏ ਹਨ ਉੱਥੇ ਨੁਕਸਾਨਦੇਹ ਕੀਟਾਣੂ ਨਸ਼ਟ ਹੋ ਗਏ ਹਨ।