ਸੰਗਰੂਰ, 30 ਅਗਸਤ 2020 - ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਜਪੁਰਾ ਬਲਾਕ ਭਵਾਨੀਗੜ੍ਹ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਹੈ। ਪੰਚਾਇਤ ਵੱਲੋਂ ਪਾਏ ਗਏ ਮਤੇ ਅਨੁਸਾਰ ਪਿੰਡ 'ਚ ਕਿਸੇ ਦਾ ਵੀ ਕੋਰੋਨਾ ਟੈਸਟ ਨਹੀਂ ਕਵਾਇਆ ਜਾਵੇਗਾ। ਜੇ ਕਿਸੇ ਵਿਅਕਤੀ 'ਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਪੰਚਾਇਤ ਅਤੇ ਪਰਿਵਾਰ ਹੀ ਉਸ ਵਿਅਕਤੀ ਨੂੰ ਇਕਾਂਤਵਾਸ ਕਰ ਕਰਕੇ ਇਲਾਜ ਕਰੇਗਾ।
ਪੰਚਾਇਤ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਉਨ੍ਹਾਂ ਦੇ ਪਿੰਡ ਕੋਰੋਨਾ ਟੈਸਟ ਕਰਨ ਨਾ ਭੇਜਿਆ ਜਾਵੇ।
ਇਸ ਮਤੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠਦਾ ਹੀ ਜਾ ਰਿਹਾ ਹੈ। ਇੱਥੋਂ ਤੱਕ ਕਿ ਹੁਣ ਪੰਚਾਇਤਾਂ ਮਤੇ ਪਾਉਣ ਲੱਗੀਆਂ ਹਨ ਕਿ ਸਰਕਾਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਪਿੰਡ ਨਾ ਵੜੇ। ਉਨ੍ਹਾਂ ਕਿਹਾ ਕਿ ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਕੋਈ ਜ਼ਰੂਰੀ ਕਦਮ ਚੁੱਕਣ ਤਾਂ ਜੋ ਲੋਕਾਂ ਦਾ ਸਿਸਟਮ 'ਤੇ ਭਰੋਸਾ ਬਣਿਆ ਰਹੇ।