ਰਾਮਪੁਰਾ , 16 ਅਗਸਤ 2020 - ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਬੀਤੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ, ਜਿਸ ਕਾਰਨ ਬੀਤੇ ਦਿਨ 15 ਅਗਸਤ ਵਾਲੇ ਦਿਨ ਜ਼ਿਲ੍ਹਾ ਮਾਨਸਾ 'ਚ ਉਨ੍ਹਾਂ ਦਾ ਸੈਂਪਲ ਲਿਆ ਗਿਆ ਸੀ ਜਿੱਥੇ ਮਾਲ ਮੰਤਰੀ ਕਾਂਗੜ 74ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਸਨ। ਜਿਸ ਦੀ ਪੁਸ਼ਟੀ ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਫਿਲਹਾਲ ਸਿਹਤ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਜ਼ਿਲ੍ਹੇ ਦੇ ਸਿਆਸੀ ਆਗੂਆਂ, ਅਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕਾਂਗੜ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਸ਼ਾਮਿਲ ਹੋਣ ਤੋਂ ਬਿਨਾਂ ਇੱਕ ਸਾਬਕਾ ਮੰਤਰੀ ਤੇ ਵਿਧਾਇਕ ਦੇ ਘਰ ਜਾਣ ਦੇ ਨਾਲ ਹੀ ਪਿੰਡ ਕੋਟੜਾ ਵਿਖੇ ਸਕੂਲ ਦੇ ਉਦਘਾਟਨ ਸਮਾਗਮ 'ਚ ਵੀ ਸ਼ਾਮਲ ਹੋਏ ਸਨ।