← ਪਿਛੇ ਪਰਤੋ
ਪੰਜਾਬ ਸਰਕਾਰ ਨੇ ਘੱਟੋ ਘੱਟ ਤਨਖਾਹ ਬਾਰੇ ਫੈਸਲਾ ਵਾਪਸ ਲਿਆ ਚੰਡੀਗੜ੍ਹ, 11 ਮਈ, 2020 : ਪੰਜਾਬ ਸਰਕਾਰ ਨੇ ਘੱਟੋ ਘੱਟ ਤਨਖਾਹਾਂ ਵਿਚ ਵਾਧਾ ਕਰਨ ਦਾ ਆਪਣਾ 1 ਮਈ ਦਾ ਹੁਕਮ ਵਾਪਸ ਲੈ ਲਿਆ ਹੈ ਤੇ ਕਿਹਾ ਹੈ ਕਿ ਕੋਰੋਨਾ ਸੰਕਟ ਦੇ ਕਾਰਨ ਬਣੀ ਸਥਿਤੀ ਕਾਰਨ ਇਹ ਫੈਸਲਾ ਵਾਪਸ ਲੈਣਾ ਪਿਆ ਹੈ। ਕਿਰਤ ਕਮਿਸ਼ਨਰ ਪ੍ਰਵੀਨ ਕੁਮਾਰ ਥਿੰਦ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਕੋਰੋਨਾ ਦੇ ਕਾਰਨ ਉਪਜੇ ਐਮਰਜੰਸੀ ਆਰਥਿਕ ਹਾਲਾਤਾਂ ਕਾਰਨ ਇਸ ਮੌਕੇ ਰਾਜ ਵਿਚ ਘੱਟੋ ਘੱਟ ਤਨਖਾਹਾਂ ਵਿਚ ਵਾਧਾ ਵਾਜਬ ਨਹੀਂ ਹੋਵੇਗਾ। ਇਸ ਲਈ 1 ਮਈ ਨੂੰ ਜਾਰੀ ਕੀਤਾ ਗਿਆ ਪੱਤਰ ਤੁਰੰਤ ਵਾਪਸ ਲਿਆ ਜਾਂਦਾ ਹੈ। ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਕੇ ਜੰਜੂਆ ਨੇ ਕਿਹਾ ਕਿ ਅਸੀਂ ਕੋਰੋਨਾ ਕਾਰਨ ਬਣੀ ਅਣਕਿਆਸੀ ਸਥਿਤੀ ਵੇਖ ਰਹੇ ਹਾਂ। ਅਸੀਂ ਰੂਟੀਨ ਵਜੋਂ 1 ਮਈ ਦਾ ਹੁਕਮ ਜਾਰੀ ਕੀਤਾ ਸੀ ਤੇ ਇਸਨੂੰ ਲਾਗੂ ਕਰਨ ਬਾਰੇ ਨਹੀਂ ਸੋਚਿਆ। ਇਸ ਗੰਭੀਰ ਸਥਿਤੀ ਵਿਚ ਇਸਨੂੰ ਲਾਗੂ ਕਰਨਾ ਮੁਸ਼ਕਿਲ ਹੈ। 1 ਮਈ ਨੂੰ ਕਿਰਤ ਵਿਭਾਗ ਨੇ ਗੈਰ ਮੁਹਾਰਤ ਵਾਲੇ ਕਾਮਿਆਂ ਲਈ ਘੱਟੋ ਘੱਟ ਤਨਖਾਹ 338.05 ਰੁਪਏ ਤੋਂ ਵਧਾ ਕੇ 353.52 ਰੁਪਏ ਪ੍ਰਤੀ ਦਿਨ ਕਰ ਦਿੱਤੀ ਸੀ ਤੇ ਅਰਧ ਮੁਹਾਰਤ ਵਾਲੇ ਕਾਮਿਆਂ ਦੀ ਤਨਖਾਹ 368.05 ਤੋਂ ਵਧਾ ਕੇ 383.52 ਕਰ ਦਿੱਤੀ ਸੀ ਜਦਕਿ ਘੱਟੋ ਘੱਟ ਮੁਹਾਰਤ ਵਾਲੇ ਕਿਰਤੀਆਂ ਲਈ ਤਨਖਾਹ 402.55 ਤੋਂ ਵਧੀ ਕੇ 418.02 ਰੁਪਏ ਤੇ ਉਚ ਮੁਹਾਰਤ ਵਾਲੇ ਕਾਮਿਆਂ ਲਈ ਤਨਖਾਹ 442.25 ਰੁਪਏ ਤੋਂ ਵਧਾ ਕੇ 457.72 ਰੁਪਏ ਪ੍ਰਤੀ ਦਿਨ ਕਰਨ ਦਾ ਫੈਸਲਾ ਕੀਤਾ ਸੀ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਰਾਜ ਸਰਕਾਰ ਘੱਟੋ ਘੱਟ ਉਜਰਤਾਂ ਵਿਚ ਵਾਧਾ ਨਹੀਂ ਕਰ ਰਹੀ।
Total Responses : 267