- ਵਿਭਾਗ ਦੀ ਟੀਮ ਵੱਲੋਂ ਪਿੰਡ ਦੇ ਹਰੇਕ ਘਰ ਨੂੰ ਕੀਤਾ ਸੈਂਨੇਵਾਈਜ਼, ਕਰਵਾਈ ਮੁਨਿਆਦੀ
ਫਿਰੋਜ਼ਪੁਰ 18 ਅਪ੍ਰੈਲ 2020 : ਸਿਵਲ ਸਰਜਨ ਡਾ. ਨਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡਾ. ਵਨੀਤਾ ਭੁੱਲਰ ਐੱਸਐੱਮਓ ਫਿਰੋਜ਼ਸ਼ਾਹ ਵੱਲੋਂ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰਦਿਆਂ ਪਿੰਡ ਵਾੜਾ ਭਾਈ ਕਾ ਵਿਖੇ ਸਿਹਤ ਵਿਭਾਗ ਦੇ ਮੁਲਾਜਮਾਂ ਸਮੇਤ ਹੋਰ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਸਬੰਧਤ ਵਿਅਕਤੀਆਂ ਨੂੰ ਘਰਾਂ ਵਿੱਚ ਕੁਆਰਿਨਟਾਈਨ ਕਰ ਦਿੱਤਾ ਗਿਆ ਹੈ। ਨੋਵਲ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਅ ਲਈ ਵਿਭਾਗ ਦੇ ਪੈਰਾ ਮੈਡੀਕਲ ਸਟਾਫ ਵਲੋ ਜਿੱਥੇ ਹਰੇਕ ਘਰ ਨੂੰ ਸੈਨੇਟਾਈਜ਼ ਕੀਤਾ ਗਿਆ, ਉੱਥੇ ਹੀ ਪਿੰਡ ਵਿਚ ਮੁਨਿਆਦੀ ਕਰਵਾ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕਰਨ ਦੇ ਨਾਲ ਨਾਲ ਕੋਵਿਡ 19 ਬਾਰੇ ਜਾਗਰੂਕ ਕੀਤਾ ਤੇ ਸੋਸ਼ਲ ਡਿਸਟੈਂਸਿੰਗ ਮੇਂਨਟੈਨ ਰੱਖਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਨੀਤਾ ਭੁੱਲਰ ਐੱਸਐੱਮਓ ਫਿਰੋਜ਼ਸ਼ਾਹ ਨੇ ਦੱਸਿਆ ਕਿ ਜੋ ਵਿਅਕਤੀ ਪੀੜਤ ਦੇ ਸੰਪਰਕ ਵਿੱਚ ਆਏ ਹਨ ਉਨ੍ਹਾਂ ਦੇ ਸੈਂਪਲ ਲਾਗਾਤਾਰ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਪੀੜਤ ਵਿਅਕਤੀ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਇਆ ਹੈ ਉਨ੍ਹਾਂ ਦਾ ਸਰਵੇ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਡਾ. ਭੁੱਲਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਦੇ ਹਰ ਘਰ ਵਿਚ ਪਹੁੰਚ ਕਰਕੇ ਪੂਰੇ ਪਰਿਵਾਰ ਦਾ ਚੈਕਅੱਪ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨੂੰ ਇਸ ਬਿਮਾਰੀ ਦੇ ਲੱਛਣਾਂ, ਬਚਾਅ, ਹੱਥ ਧੋਣ ਤੇ ਸਹੀ ਡਾਈਟ ਬਾਰੇ ਪਿੰਡ ਵਿੱਚ ਮੁਨਿਆਦੀ ਕਰਵਾ ਕੇ ਜਾਗਰੂਕ ਕੀਤਾ ਗਿਆ ਅਤੇ ਪਿੰਡ ਵਿਚ ਲਗਾਤਾਰ ਇਹ ਮੁਹਿੰਮ ਜਾਰੀ ਰਹੇਗੀ। ਡਾ. ਵਨੀਤਾ ਭੁੱਲਰ ਨੇ ਦੱਸਿਆ ਕਿ ਅੱਜ ਸਾਰੇ ਪਿੰਡ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਵਿਅਕਤੀ ਉਕਤ ਪੁਲਿਸ ਮੁਲਾਜ਼ਮ ਦੇ ਸੰਪਰਕ ਵਿਚ ਆਏ ਸਨ ਨੂੰ 14 ਦਿਨਾਂ ਲਈ ਘਰਾਂ ਵਿਚ ਹੀ ਇਕਾਂਤਵਸ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਘਰਾਂ ਤੱਕ ਪਹੁੰਚ ਕਰਕੇ ਹਾਲਾਤਾਂ 'ਤੇ ਪੂਰੀ ਨਜ਼ਰ ਸਾਨੀ ਰੱਖੀ ਜਾਵੇਗੀ। ਇਸ ਮੌਕੇ ਪਿੰਡ ਵਾੜਾ ਭਾਈਕਾ ਸਮੇਤ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਲੋਕ ਨੈਤਿਕਤਾ ਦੇ ਆਧਾਰ 'ਤੇ ਸਿਹਤ ਵਿਭਾਗ ਨਾਲ ਸੰਪਰਕ ਕਰਨ ਜੋ ਇਸ ਨੌਜਵਾਨ ਦੇ ਸੰਪਰਕ ਵਿਚ ਆਏ ਹਨ। ਇਲਾਕੇ ਵਿਚ ਫੈਲੀ ਦਹਿਸ਼ਤ 'ਤੇ ਬੋਲਦਿਆਂ ਡਾ. ਵਨੀਤਾ ਭੁੱਲਰ ਨੇ ਕਿਹਾ ਕਿ ਇਹ ਸਮਾਂ ਸੰਜਮ ਵਰਤਣ ਦਾ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਤੇ ਇਲਾਕੇ ਦੀ ਤੰਦਰੁਸਤੀ ਲਈ ਆਪਣੇ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੂੰ ਬੁਖਾਰ, ਛਿੱਕ ਜਾਂ ਸਾਹ ਲੈਣ ਵਿਚ ਕੋਈ ਦਿੱਕਤ ਆਵੇ ਤਾਂ ਉਹ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰੇ ਤਾਂ ਜੋ ਉਸ ਦਾ ਸਮਾਂ ਰਹਿੰਦੇ ਹੀ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸੰਜੀਦਗੀ ਹੀ ਸਾਨੂੰ ਇਸ ਕਰੋਨਾ ਵਾਇਰਸ ਤੋਂ ਬਚਾਅ ਸਕਦੀ ਹੈ।