ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਜਾਰੀ ਹੁਕਮਾਂ ਮੁਤਾਬਿਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਥੋਂ ਦੇ ਡੀ.ਡੀ ਮਿੱਤਲ ਟਾਵਰ, ਅਗਰਵਾਲ ਕਲੋਨੀ ਦੀ ਗਲੀ ਨੰਬਰ ਤਿੰਨ ਤੇ ਅਮਰਪੁਰਾ ਬਸਤੀ ਦੀ ਗਲੀ ਨੰਬਰ ਤਿੰਨ ਦੇ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ।
ਉਨ੍ਹਾਂ ਦੱਸਿਆ ਕਿ ਇਹ ਇਲਾਕੇ ਅਗਲੇ 10 ਦਿਨ ਤੱਕ ਮਾਈਕਰੋ ਕੰਟੇਨਮੈਂਟ ਜ਼ੋਨ ਬਣੇ ਰਹਿਣਗੇ, ਜਿਸ ਨੂੰ ਨਵੇਂ ਕੇਸ ਆਉਣ ਤੇ 5 ਦਿਨਾਂ ਲਈ ਵਧਾਇਆ ਜਾਵੇਗਾ। ਇੰਨ੍ਹਾਂ ਖੇਤਰਾਂ ਵਿੱਚ ਆਉਣ-ਜਾਣ ਲਈ ਚੈਕ ਪੋਸਟ ਬਣਾਏ ਜਾਣਗੇ ਕੰਟੈਕਟ ਟਰੇਸਿੰਗ ਕਰਕੇ ਨਮੂਨੇ ਵੀ ਇਕੱਤਰ ਕੀਤੇ ਜਾਣਗੇ। ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰ ਰੋਜ਼ ਘਰ-ਘਰ ਜਾ ਕੇ ਕੋਰੋਨਾ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਨੂੰ ਲੋੜੀਂਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਹੱਥ ਧੋਣ ਤੇ ਆਲੇ ਦੁਆਲੇ ਸਾਫ਼-ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਇਕਾਂਤਵਾਸ ਤੇ ਸਮਾਜਿਕ ਦੂਰੀ ਸਬੰਧੀ ਐਲਾਨੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਭਾਰਤੀ ਦੰਡਾਂਵਲੀ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।