ਕੁੱਝ ਕੁ ਸਾਵਧਾਨੀਆਂ ਵਰਤ ਕੇ ਇਸ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ- ਡਾ. ਜਗਦੀਸ਼ ਸਿੰਘ ਢਿੱਲੋਂ
ਜੈਤੋ 21 ਮਾਰਚ 2020: (ਮਨਿੰਦਰਜੀਤ ਸਿੱਧੂ)- ਕੋਰੋਨਾ ਵਾਇਰਸ ਦੇ ਪੰਜਾਬ ਵਿੱਚ ਵੀ ਪਾਜਟਿਵ ਕੇਸਾਂ ਦੇ ਵਾਧੇ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਵਾਇਰਸ ਤੋਂ ਬਚਾਅ ਲਈ ਹਦਾਇਤਾਂ ਅਤੇ ਸੁਝਾਅ ਜਾਰੀ ਕੀਤੇ ਜਾ ਰਹੇ ਹਨ। ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਸਥਾਨਕ ਬਾਜਾਖਾਨਾ ਚੌਂਕ ਦੀ ਮਾਰਕਿਟ ਦੇ ਦੁਕਾਨਦਾਰਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ‘ਮਾਸਕ’ ਅਤੇ ‘ਸਾਬੁਣ’ ਵੰਡੇ।ਇਸ ਮੌਕੇ ਕੈਮਿਸਟ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਡਾ. ਜਗਦੀਸ਼ ਸਿੰਘ ਢਿੱਲੋਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਅਸੀਂ ਪੂਰੀ ਤਰਾਂ ਸੁਚੇਤ ਰਹਿ ਕੇ ਅਫ਼ਵਾਹਾਂ ਤੋਂ ਦੂਰ ਰਹੀਏ।ਜਰੂਰੀ ਸਾਵਧਾਨੀਆਂ ਵਰਤਦੇ ਹੋਏ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ `ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਦਾ ਪੂਰੀ ਗੰਭੀਰਤਾ ਨਾਲ ਪਾਲਣ ਕਰਨਾ ਯਕੀਨੀ ਬਣਾਈਏ।ਇਸ ਸਥਿਤੀ `ਤੇ ਕੁਝ ਸਾਵਧਾਨੀਆਂ ਵਰਤਦੇ ਹੋਏ ਅਤੇ ਸਧਾਰਨ ਤੌਰ ਤਰੀਕੇ, ਜਿਵੇ ਕਿ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਆਦਿ, ਅਪਣਾ ਕੇ ਕਾਬੂ ਪਾਇਆ ਜਾ ਸਕਦਾ ਹੈ। ਗ਼ੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰੋ, ਜਿੰਨਾਂ ਹੋ ਸਕੇ ਘਰਾਂ `ਚ ਰਹੋ। ਆਪਣੇ ਪਰਿਵਾਰਾਂ `ਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖੋ। ਸਵੱਛਤਾ ਯਕੀਨੀ ਬਣਾਓ। ਆਪਣੇ ਹੱਥ ਲਗਾਤਾਰ ਧੋਂਦੇ ਰਹੋ, ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ। ਘਬਰਾਹਟ `ਚ ਆ ਕੇ ਗ਼ੈਰਜ਼ਰੂਰੀ ਖ਼ਰੀਦੋ-ਫ਼ਰੋਖ਼ਤ ਨਾ ਕਰੋ ਅਤੇ ਸਾਨੂੰ ਸਭ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਜਨਤਾ ਕਰਫਿਊ ਦੇ ਪ੍ਰਸਤਾਵ ਨੂੰ ਤਨਦੇਹੀ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਇਸ ਮੌਕੇ ਜੈਤੋ ਪੁਲਿਸ ਦੇ ਏ.ਐੱਸ.ਆਈ. ਰਜਿੰਦਰ ਸਿੰਘ ਬਾਜਾ, ਡਾ. ਹਿਤੇਸ਼ ਗਪਤਾ, ਨੀਰਜ ਡੋਡ, ਪੰਕਜ ਡੋਡ, ਹੈਪੀ ਜੋਤਰੀਵਾਲ, ਪ੍ਰੇਮ ਕੁਮਾਰ, ਸ਼ਕਤੀ ਫਰੂਟਵਾਲਾ, ਗਗਨ ਨਾਗਪਾਲ, ਵਕੀਲ, ਦਿਨੇਸ ਕੁਮਾਰ, ਵਿੱਕੀ ਆਦਿ ਸ਼ਾਮਲ ਸਨ।
ਜੈਤੋ21 ਮਾਸਕ ਅਤੇ ਸਾਬੁਣ ਵੰਡਦੇ ਹੋਏ ਬਾਜਾਖਾਨਾ ਚੌਂਕ ਦੇ ਦੁਕਾਨਦਾਰ।