ਬੀਸੀ ਦੇ ਪ੍ਰੀਮੀਅਰ ਜੋਹਨ ਹੌਰਗਨ ਵੱਲੋਂ ਸਿੱਖਾਂ ਦੀ ਖੁੱਲ੍ਹ ਦਿਲੀ ਦੀ ਪ੍ਰਸੰਸਾ
ਹਰਦਮ ਮਾਨ
ਸਰੀ, 14 ਅਪ੍ਰੈਲ 2020-ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਮੂਹ ਬੀਸੀ ਦੇ ਸਮੂਹ ਕੈਨੇਡੀਅਨਾਂ ਨੂੰ ਆਪਣੀ ਵਧਾਈ ਪੇਸ਼ ਕਰਦਿਆਂ ਸੂਬੇ ਦੇ ਪ੍ਰੀਮੀਅਰ ਜੋਹਨ ਹੌਰਗਨ ਨੇ ਸੰਘਰਸ਼ ਕਰ ਰਹੇ ਲੋਕਾਂ ਪ੍ਰਤੀ ਹਮੇਸ਼ਾਂ ਹਮਦਰਦੀ ਅਤੇ ਖੁੱਲ੍ਹ ਦਿਲੀ ਵਿਖਾਉਣ ਲਈ ਸਿੱਖ ਭਾਈਚਾਰੇ ਦੀ ਭਰਵੀਂ ਪ੍ਰਸੰਸਾ ਕੀਤੀ ਹੈ।
ਵਧਾਈ ਸੁਨੇਹੇ ਵਿਚ ਜੋਹਨ ਹੌਰਗਨ ਨੇ ਕਿਹਾ ਹੈ ਕਿ ਆਮ ਤੌਰ 'ਤੇ ਬੀ.ਸੀ. ਵਿਚ, ਇਹ ਦਿਹਾੜਾ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਸਮੂਹ ਭਾਈਚਾਰਿਆਂ ਵੱਲੋਂ ਗੁਰਦੁਆਰਿਆਂ ਵਿਚ ਨਤਮਸਤਕ ਹੋ ਕੇ ਅਤੇ ਵਿਸ਼ਾਲ ਇਕੱਠ ਕਰਕੇ ਅਤੇ ਗਲੀਆਂ ਵਿਚ ਨਗਰ ਕੀਰਤਨ ਪਰੇਡ ਸਜਾ ਕੇ ਮਨਾਇਆ ਜਾਂਦਾ ਸੀ। ਦੋਸਤ ਅਤੇ ਪਰਿਵਾਰ ਇਕੱਠੇ ਹੋ ਕੇ ਖਾਣ-ਪੀਣ ਅਤੇ ਨੱਚਣ-ਗਾਉਣ ਦੇ ਜਸ਼ਨ ਮਨਾਉਂਦੇ ਸਨ। ਪਰ ਕੋਰੋਨਾ ਵਾਇਰਸ ਦੇ ਚੱਲ ਰਹੇ ਕਹਿਰ ਕਾਰਨ ਇਸ ਸਾਲ ਵਿਸਾਖੀ ਦੇ ਪ੍ਰੋਗਰਾਮ ਵੱਖਰੇ ਦਿਖਾਈ ਦੇਣਗੇ, ਲੋਕ ਵਿਸਾਖੀ ਨਵੇਂ ਤਰੀਕਿਆਂ ਨਾਲ ਮਨਾਉਣਗੇ- ਵੀਡੀਓ ਚੈਟ, ਫੋਨ ਜਾਂ ਸੁਰੱਖਿਅਤ ਸਰੀਰਕ ਦੂਰੀ ਕਾਇਮ ਰੱਖ ਕੇ। ਮੈਂ ਜਾਣਦਾ ਹਾਂ ਕਿ ਇਹ ਦਿਨ ਸਨੇਹੀਆਂ, ਮਿੱਤਰ ਪਿਆਰਿਆਂ ਤੋਂ ਬਿਨਾਂ ਬਿਤਾਉਣਾ ਬਹੁਤ ਔਖਾ ਹੈ, ਪਰ ਸਾਡੀ ਮਜ਼ਬੂਰੀ ਹੈ। ਮੈਂ ਅੱਜ ਵੀ ਵਿਸਾਖੀ ਪਰੇਡਾਂ ਵਿਚ ਚੱਲਣ ਅਤੇ ਸਿੱਖ ਕੌਮ ਦੀ ਉਦਾਰਤਾ ਅਤੇ ਦਿਆਲਤਾ ਦਾ ਅਨੁਭਵ ਕਰਾਂਗਾ। ਅੱਜ ਦੇ ਹਾਲਾਤ ਵਿਚ ਸਾਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਲਈ ਕੁਝ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਸੰਘਰਸ਼ ਕਰ ਰਹੇ ਲੋਕਾਂ ਪ੍ਰਤੀ ਹਮੇਸ਼ਾਂ ਹਮਦਰਦੀ ਅਤੇ ਖੁੱਲ੍ਹ ਦਿਲੀ ਵਿਖਾਉਂਦੀ ਰਹੀ ਹੈ। ਹੁਣ ਜਦੋਂ ਸੂਬੇ ਦੇ ਲੋਕ ਕੋਵਿਡ -19 ਮਹਾਂਮਾਰੀ ਨਾਲ ਜੂਝ ਰਹੇ ਹਨ, ਤਾਂ ਸਿੱਖ ਕਮਿਊਨਿਟੀ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਮੁਫਤ ਖਾਣਾ ਮੁਹੱਈਆ ਕਰਵਾ ਰਹੀ ਹੈ, ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਮਦਦ ਕਰ ਰਹੀ ਹੈ ਅਤੇ ਕੰਮ ਤੋਂ ਛਾਂਟੀ ਕੀਤੇ ਗਏ ਕਾਮਿਆਂ ਦੀ ਮਾਲੀ ਸਹਾਇਤਾ ਕਰ ਰਹੀ ਹੈ।
ਰਾਸ਼ਟਰੀ ਖੂਨਦਾਨ ਮੁਹਿੰਮ ਵਿਚ ਸਿੱਖ ਭਾਈਚਾਰੇ ਵੱਲੋਂ ਕੈਨੇਡੀਅਨ ਬਲੱਡ ਸਰਵਿਸਿਜ਼ ਨੂੰ ਖੂਨ ਦਾਨ ਦੇ ਕੇ ਮਨੁੱਖੀ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਪਰਉਪਕਾਰ ਅੱਗੇ ਮੈਂ ਸਿਰ ਝੁਕਾਉਂਦਾ ਹਾਂ ਅਤੇ ਕਮਿਊਨਿਟੀ ਦੀ ਇਸ ਨਿਸ਼ਕਾਮ ਸੇਵਾ ਲਈ ਸਿੱਖ ਭਾਈਚਾਰੇ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ।
ਉਨ੍ਹਾਂ ਅੱਜ ਸਿੱਖ ਵਿਰਾਸਤੀ ਤਿਓਹਾਰ ਮਨਾ ਰਹੇ ਸਿੱਖ ਭਾਈਚਾਰੇ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਮੂਹ ਲੋਕਾਂ ਦੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.co