ਭਾਰਤ 'ਚ ਕੋਰੋਨਾ ਕੇਸ 60 ਹਜ਼ਾਰ ਨੇੜੇ ਪੁੱਜੇ, ਰਿਕਵਰੀ ਰੇਟ 30 ਫੀਸਦੀ
ਨਵੀਂ ਦਿੱਲੀ, 10 ਮਈ, 2020 : ਭਾਰਤ ਵਿਚ ਕੋਰੋਨਾ ਵਾਇਰਸ ਕੇਸਾਂ ਵਿਚ ਲਗਾਤਾਰ ਵਾਧਾ ਜਾਰੀ ਹੈ। ਸ਼ਨੀਵਾਰ ਨੂੰ 3 ਹਜ਼ਾਰ ਹੋਰ ਕੇਸ ਆਉਣ ਮਗਰੋਂ ਗਿਣਤੀ 59662 ਹੋ ਗਈ ਹੈ। ਇਹਨਾਂ ਵਿਚੋਂ ਐਕਟਿਵ ਕੇਸ 39834 ਹਨ ਜਦਕਿ 17847 ਜਣਿਆਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ ਜਦਕਿ ਪਿਛਲੇ 24 ਘੰਟੇ ਵਿਚ 95 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਮੌਤਾਂ ਦੀ ਗਿਣਤੀ 1981 ਹੋ ਗਈ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਸਾਡੇ ਦੇਸ਼ ਵਿਚ ਮੌਤ ਦਰ 3.3 ਫੀਸਦੀ ਹੈ ਜਦਕਿ ਰਿਕਵਰੀ ਰੇਟ ਯਾਨੀ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਦਰ 29.9 ਫੀਸਦੀ ਹੈ। ਪਿਛਲੇ ਤਿੰਨ ਦਿਨਾਂ ਤੋਂ ਕੇਸ ਦੁੱਗਣੇ ਹੋਣ ਦੀ ਦਰ 11 ਦਿਨਾਂ ਦੀ ਹੈ, 7 ਦਿਨਾਂ ਤੋਂ ਇਹ 9.9 ਦਿਨਾਂ ਦੀ ਹੈ। ਦੇਸ਼ ਭਰ ਵਿਚ 843 ਹਸਪਤਾਲ ਸਿਰਫ ਕੋਰੋਨਾ ਵਾਸਤੇ ਰੱਖੇ ਗਏ ਹਨ ਜਿਹਨਾਂ ਵਿਚ 165991 ਬੈਡ ਹਨ। ਦੇਸ਼ ਭਰ ਵਿਚ 1991 ਸਿਹਤ ਕੇਂਦਰ ਕੋਰੋਨਾ ਵਾਸਤੇ ਰੱਖੇ ਗਏ ਹਨ ਜਿਹਨਾਂ ਵਿਚ 135643 ਬੈਡ ਹਨ ਜਿਹਨਾਂ ਵਿਚ ਆਈਸੋਲੇਸ਼ਨ ਤੇ ਆਈ ਸੀ ਯੂ ਬੈਡ ਵੀ ਹਨ।