ਅਸ਼ੋਕ ਵਰਮਾ
- ਦੋਵਾਂ ਨੂੰ ਭੇਜਿਆ ਇਕਾਂਤਵਾਸ :ਡਿਪਟੀ ਕਮਿਸ਼ਨਰ
ਮਾਨਸਾ, 24 ਅਪ੍ਰੈਲ 2020 - ਦੋ ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮਾਨਸਾ ਜਿਲੇ ’ਚ ਮਰੀਜਾਂ ਦੀ ਗਿਣਤੀ ਮੁੜ ਤੋਂ 11 ਹੋ ਗਈ ਹੈ। ਕਰੋਨਾ ਪੀੜਤ ਬੁਢਲਾਡਾ ਦੀ ਜਿਸ ਮਸਜਿਦ ਵਿੱਚ ਠਹਿਰੇ 10 ਵਿਅਕਤੀਆਂ ਵਿੱਚੋਂ ਜੋ 5 ਵਿਅਕਤੀ ਕੋਰੋਨਾ ਨੈਗੇਟਿਵ ਪਾਏ ਗਏ ਸਨ, ਅਹਿਤਿਆਤ ਦੇ ਤੌਰ ’ਤੇ 14 ਦਿਨਾਂ ਬਾਅਦ ਉਨਾਂ ਦੇ ਲਏ ਸੈਂਪਲਾਂ ਦੌਰਾਨ ਇਨਾਂ ਵਿੱਚੋਂ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਮਾਨਸਾ ਜ਼ਿਲੇ ਵਿੱਚ 2 ਹੋਰ ਵਿਅਕਤੀ ਕੋਰੋਨਾ ਪਾਜ਼ਿਟੀਵ ਪਾਏ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਿਹੜੇ 2 ਵਿਅਕਤੀ ਕੋਰੋਨਾ ਪਾਜ਼ਿਟੀਵ ਪਾਏ ਗਏ ਹਨ, ਇਨਾਂ ਵਿੱਚੋਂ ਇੱਕ ਵਿਅਕਤੀ ਦੀ ਉਮਰ 50 ਸਾਲ ਅਤੇ ਦੂਜੇ ਦੀ ਉਮਰ 28 ਸਾਲ ਹੈ। ਉਨਾਂ ਦੱਸਿਆ ਕਿ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਨਾਂ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਇਕਾਂਤਵਾਸ ਵਿੱਚ ਰੱਖਿਆ ਹੋਇਆ ਸੀ । ਉਨਾਂ ਦੱਸਿਆ ਕਿ ਅਹਿਤਿਆਤ ਦੇ ਤੌਰ ’ਤੇ ਇਨਾਂ ਦੀ ਸੈਂਪਿਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਦੋਵੇਂ ਵਿਅਕਤੀ ਕੋਰੋਨਾ ਪਾਜ਼ਿਟੀਵ ਆਏ ਹਨ। ਉਨਾਂ ਦੱਸਿਆ ਕਿ ਇਹ ਹੋਰ ਕਿਸੇ ਦੇ ਸੰਪਰਕ ਵਿੱਚ ਨਹੀਂ ਆਏ ਸਨ।
ਸ਼੍ਰੀ ਚਹਿਲ ਨੇ ਦੱਸਿਆ ਕਿ ਰੂਟਿਨ ਸੈਂਪਿਗ ਦੌਰਾਨ 27 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ ਅਤੇ ਰਿਪੋਰਟ ਆਉਣ ਤੋਂ ਬਾਅਦ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ਿਟੀਵ, 24 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1 ਦੀ ਰਿਪੋਰਟ ਬਾਕੀ ਹੈ। ਉਨਾਂ ਦੱਸਿਆ ਕਿ ਕੋਰੋਨਾ ਪਾਜ਼ਿਟੀਵ ਆਏ ਦੋਵੇਂ ਵਿਅਕਤੀਆਂ ਦਾ ਇਲਾਜ ਸਿਵਲ ਹਸਪਤਾਲ ਮਾਨਸਾ ਵਿਖੇ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਉਣ ਨਾਲ ਜ਼ਿਲੇ ਅੰਦਰ ਕੋਰੋਨਾ ਨਾਲ ਪੀੜਤ 9 ਵਿਅਕਤੀ ਰਹਿ ਗਏ ਸਨ ਪਰ ਹੁਣ 2 ਵਿਅਕਤੀਆਂ ਦੀ ਰਿਪੋਰਟ ਕੋਰਨਾ ਪਾਜ਼ਿਟੀਵ ਆਉਣ ਨਾਲ ਇਹ ਅੰਕੜਾ ਵੱਧ ਕੇ ਦੁਬਾਰਾ 11 ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਵਾਇਰਸ ਸਬੰਧੀ ਹੁਣ ਤੱਕ 359 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ ਵਿੱਚੋਂ 13 ਦੀ ਰਿਪੋਰਟ ਕੋਰੋਨਾ ਪਾਜ਼ਿਟੀਵ, 293 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਅਤੇ 53 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿਖੇ 11 ਕੋਰੋਨਾ ਪਾਜ਼ਿਟੀਵ ਵਿਅਕਤੀਆਂ ਦਾ ਇਲਾਜ਼ ਚੱਲ ਰਿਹਾ ਹੈ।