ਮਾਸਟਰ ਬਲਦੇਵ ਸਿੰਘ ਵੱਲੋਂ ਨੇ ਮੰਡੀਆਂ ਵਿਚ ਲਿਆ ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਮਨਿੰਦਰਜੀਤ ਸਿੱਧੂ
ਜੈਤੋ, 22 ਅਪ੍ਰੈਲ, 2020 : ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੁਆਰਾ ਪਹਿਲੇ ਗੇੜ ਵਿੱਚ ਜੈਤੋ, ਰੋੜੀਕਪੂਰਾ, ਮੱਤਾ, ਪੰਜਗਰਾਈਂ ਕਲਾਂ, ਜਿਊਣ ਵਾਲਾ ਅਤੇ ਔਲਖ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਅਤੇ ਖਰੀਦ ਪ੍ਰਬੰਧਾਂ ਨਾਲ ਜੁੜੀਆਂ ਹੋਰ ਧਿਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਕਈ ਸਮੱਸਿਆਵਾਂ ਦਾ ਨਿਪਟਾਰਾ ਮੌਕੇ ‘ਤੇ ਹੀ ਕਰਵਾਇਆ।
ਉਹਨਾਂ ਕਿਹਾ ਕਿ ਇਸ ਦੌਰੇ ਦੌਰਾਨ ਮਜ਼ਦੂਰਾਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਵਾਰ ਖਰੀਦ ਪੰਦਰਾਂ ਵੀਹ ਦਿਨ ਦੀ ਬਜਾਏ ਕਰੀਬ ਡੇਢ-ਦੋ ਮਹੀਨੇ ਚੱਲੇਗੀ ਪਰ ਉਹਨਾਂ ਨੂੰ ਉਹੀ ਮਿਹਨਤਾਨਾ ਮਿਲੇਗਾ ਜੋ ਕੇ ਸਰਾਸਰ ਮਜ਼ਦੂਰਾਂ ਦਾ ਸੋਸ਼ਣ ਹੈ। ਉਹਨਾਂ ਕਿਹਾ ਕਿ ਕਣਕ ਵਿੱਚ ਨਮੀਂ ਕਰਕੇ ਬੋਲੀ ਹੋਣ ਵਿਚ ਦੇਰੀ ਹੋ ਰਹੀ ਸੀ, ਜਿਸ ਲਈ ਡੀ.ਐਫ.ਐਸ.ਸੀ ਨਾਲ ਗੱਲ ਕਰਕੇ ਇੰਸਪੈਕਟਰ ਨੂੰ ਮੌਕੇ ‘ਤੇ ਬੁਲਾ, ਬੋਲੀ ਚਾਲੂ ਕਰਵਾਈ ਗਈ। ਅਸਲ ਵਿੱਚ ਨਮੀਂ ਕਾਰਨ ਬੋਲੀ ਨਾ ਹੋਣਾ ਇੰਸਪੈਕਟਰਾਂ ਦੁਆਰਾ ਕਿਸਾਨਾਂ ਨੂੰ ਤੰਗ ਕਰਨ ਦਾ ਇਕ ਤਰੀਕਾ ਹੈ। ਸਰਕਾਰ ਵੱਲੋਂ ਹਦਾਇਤ ਹੈ ਕਿ ਨਮੀਂ ਮੰਡੀ ਦੇ ਗੇਟ ‘ਤੇ ਹੀ ਜਾਂਚੀ ਜਾਵੇ ਤਾਂ ਜੋ ਕਿਸਾਨ ਨੂੰ ਮੰਡੀ ਵਿਚ ਰੁਲਣਾ ਨਾ ਪਵੇ ਪਰ ਨਮੀਂ ਜਦ ਟਰਾਲੀ ਢੇਰੀ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਾਂਚੀ ਜਾਂਦੀ ਹੈ, ਜੋ ਕਿ ਕਿਸਾਨ ਦੀ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ ਅਤੇ ਨਾਲ ਹੀ ਸਰਕਾਰ ਦੇ ਨਿਰਵਿਘਨ ਖ਼ਰੀਦ ਬਾਰੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ। ਬਾਰਦਾਨੇ ਦੀ ਘਾਟ ਬਹੁਤ ਸਾਰੀਆਂ ਮੰਡੀਆਂ ਵਿੱਚ ਦੇਖਣ ਨੂੰ ਮਿਲੀ ਅਤੇ ਨਾਲ ਹੀ ਪਨਗ੍ਰੇਨ ਅਤੇ ਪਨਸਪ ਏਜੰਸੀਆਂ ਦਾ ਲੋਡਿੰਗ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ। ਜਿਸ ਨਾਲ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਰਹੇ ਹਨ।ਉਹਨਾਂ ਕਿਹਾ ਕਿ ਮੌਸਮ ਨੂੰ ਦੇਖਦੇ ਹੋਏ ਮਾਰਕੀਟ ਕਮੇਟੀਆਂ ਕੋਲ ਕਣਕ ਢੱਕਣ ਲਈ ਤਰਪਾਲਾਂ ਦੇ ਪ੍ਰਬੰਧ ਬਹੁਤ ਹੀ ਨਾਕਸ ਹਨ। ਕੋਰੋਨਾ ਵਾਇਰਸ ਕਾਰਨ ਜੋ ਸਰਕਾਰ ਨੇ ਪਾਸ ਸਿਸਟਮ ਈਜਾਦ ਕੀਤਾ ਹੈ, ਉਸ ਵਿਚ ਬਹੁਤ ਸਾਰੀਆਂ ਊਣਤਾਈਆਂ ਹਨ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਬਿਸ਼ਨੰਦੀ ਪਿੰਡ ਦੇ ਇੱਕ ਕਿਸਾਨ ਬਲਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਸੌ ਏਕੜ ਠੇਕੇ ‘ਤੇ ਲੈ ਕੇ ਵਾਹੀ ਕੀਤੀ ਹੈ, ਪਰ ਸੌ ਕਿੱਲੇ ਦੀ ਕਣਕ ਰੱਖਣ ਲਈ ਉਨ੍ਹਾਂ ਪਾਸ ਕੋਈ ਜਗ੍ਹਾ ਨਹੀਂ ਹੈ। ਇਸ ਤਰ੍ਹਾਂ ਸਰਕਾਰੀ ਖਰੀਦ ਦੀ ਧੀਮੀ ਗਤੀ ਕਿਸਾਨਾਂ ਦੀ ਲੁੱਟ ਦਾ ਸਬੱਬ ਬਣ ਰਹੀ ਹੈ। ਸਰਕਾਰ ਹਰ ਛੇ ਮਹੀਨਿਆਂ ਬਾਅਦ ਫਸਲ ਦੀ ਖਰੀਦ ਕਰਦੀ ਹੈ ਪਰ ਪ੍ਰਬੰਧਾਂ ਨੂੰ ਦੇਖਦੇ ਹੋਏ ਜੇ ਸਰਕਾਰ ਨੂੰ ਨਲਾਇਕ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਇਸ ਤਰ੍ਹਾਂ ਲੋਕਾਂ ਦੁਆਰਾ ਚੁਣੀ ਗਈ ਸਰਕਾਰ, ਲੋਕਾਂ ਨੂੰ ਤੰਗ ਕਰਨ ਵਾਸਤੇ ਚੁਣੀ ਸਾਬਤ ਹੋ ਰਹੀ ਹੈ।ਉਹਨਾਂ ਮੰਡੀਆਂ ਵਿੱਚ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੜੀ ਨਿਮਰਤਾ ਸਹਿਤ ਸਾਰਿਆਂ ਨੂੰ ਬੀਮਾਰੀ ਤੋਂ ਬਚਣ ਦੀ ਪੁਰਜ਼ੋਰ ਅਪੀਲ ਕੀਤੀ।