ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਅੱਜ ਇੱਕ ਹੋਰ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 23 ਨਵੇਂ ਮਰੀਜ਼ਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 6 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਅੰਦਰੋਂ ਸਾਹਮਣੇ ਆਏ ਹਨ, ਜਦੋਂਕਿ 10 ਕੇਸ ਮਲੋਟ, 4 ਕੇਸ ਗਿੱਦੜਬਾਹਾ, 1 ਕੇਸ ਥੇਹੜੀ, 1 ਕੇਸ ਲੁਹਾਰਾ ਤੇ 1 ਕੇਸ ਫਤਿਹਪੁਰ ਮਨੀਆ ਨਾਲ ਸਬੰਧਿਤ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 10 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 220 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 521 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 464 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3117 ਹੋ ਗਈ ਹੈ, ਜਿਸ ਵਿੱਚੋਂ 2894 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 157 ਕੇਸ ਐਕਟਿਵ ਚੱਲ ਰਹੇ ਹਨ।
61 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ
ਜ਼ਿਲ੍ਹੇ ਦੀ ਮੰਡੀ ਗਿੱਦੜਬਾਹਾ ਤੋਂ 61 ਸਾਲਾ ਵਿਅਕਤੀ ਦੀ ਅੱਜ ਕੋਰੋਨਾ ਕਰਕੇ ਮੌਤ ਹੋ ਗਈ ਹੈ। ਮ੍ਰਿਤਕ ਨੂੰ ਸਾਹ ਦੀ ਤਕਲੀਫ਼ ਸੀ ਤੇ ਉਹ ਕੋਰੋਨਾ ਪਾਜ਼ੀਟਿਵ ਵੀ ਚੱਲ ਰਿਹਾ ਸੀ, ਜਿਸਨੂੰ ਇਲਾਜ ਲਈ ਡੀਐਮਸੀ ਲੁਧਿਆਣਾ ਵਿਖੇ ਦਾਖ਼ਲ ਕੀਤਾ ਗਿਆ ਸੀ, ਜਿਸਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਹੁਣ ਤੱਕ 66 ਮੌਤਾਂ ਹੋ ਚੁੱਕੀਆਂ ਹਨ।