ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਤਾਂਡਵ ਲਗਾਤਾਰ ਜਾਰੀ ਹੈ। ਹਰ ਰੋਜ਼ ਕੋਰੋਨਾ ਮਹਾਂਮਾਰੀ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਹੀ ਹੈ, ਜਦੋਂਕਿ ਹੁਣ ਕੋਰੋਨਾ ਕਾਰਨ ਜ਼ਿਲ੍ਹੇ ਅੰਦਰ ਮੌਤ ਦਰ ਵੀ ਵੱਧ ਰਹੀ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਨੇ ਦੋ ਹੋਰ ਜਿੰਦਗੀਆਂ ਨਿਗਲ ਲਈਆਂ ਹਨ, ਜਦੋਂਕਿ 72 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ।
ਰਿਪੋਰਟ ਅਨੁਸਾਰ 18 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ ਤੋਂ 18 ਕੇਸ, ਮਲੋਟ ਤੋਂ 8 ਕੇਸ, ਗਿੱਦੜਬਾਹਾ ਤੋਂ 12 ਕੇਸ, ਪਿੰਡ ਧੌਲਾ ਤੋਂ 1 ਕੇਸ, ਪਿੰਡ ਬਾਦਲ ਤੋਂ 2 ਕੇਸ, ਪਿੰਡ ਖੁੱਡੀਆਂ ਤੋਂ 1 ਕੇਸ, ਪਿੰਡ ਬਰਕੰਦੀ ਤੋਂ 1 ਕੇਸ, ਪਿੰਡ ਧੂਲਕੋਟ ਤੋਂ 1 ਕੇਸ, ਪਿੰਡ ਚੱਕ ਦੂਹੇਵਾਲਾ ਤੋਂ 1 ਕੇਸ, ਪਿੰਡ ਦੋਦਾ ਤੋਂ 3 ਕੇਸ, ਪਿੰਡ ਚੜ੍ਹੇਵਨ ਤੋਂ 1 ਕੇਸ, ਕੋਠੇ ਚੇਤ ਸਿੰਘ ਵਾਲਾ ਤੋਂ 2 ਕੇਸ, ਕੋਟਭਾਈ ਤੋਂ 1 ਕੇਸ, ਫੱਕਰਸਰ ਤੋਂ 1 ਕੇਸ ਤੇ ਪਿੰਡ ਥੇਹੜੀ ਤੋਂ 1 ਕੇਸ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਉਥੇ ਹੀ ਕੋਰੋਨਾ ਪੀੜਤ ਚੱਲ ਰਹੇ ਦੋ ਮਰੀਜ਼ਾਂ ਦੀ ਅੱਜ ਮੌਤ ਹੋ ਗਈ ਹੈ। ਪਹਿਲਾ ਮਿ੍ਰਤਕ ਵਿਅਕਤੀ ਜ਼ਿਲ੍ਹੇ ਦੇ ਪਿੰਡ ਦੋਦਾ ਨਾਲ ਸਬੰਧਿਤ ਸੀ, ਜਦੋਂਕਿ ਦੂਜੀ ਮਿ੍ਰਤਕਾ ਔਰਤ ਗਿੱਦੜਬਾਹਾ ਤੋਂ ਸੀ, ਜਿੰਨ੍ਹਾਂ ਦਾ ਇਲਾਜ ਫਰੀਦਕੋਟ ਦੇ ਹਸਪਤਾਲ ਵਿਖੇ ਚੱਲ ਰਿਹਾ ਸੀ, ਜਿੰਨ੍ਹਾਂ ਦੀ ਅੱਜ ਇਲਾਜ ਦੌਰਾਨ ਹੀ ਮੌਤ ਹੋ ਗਈ ਹੈ।
ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 34 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅੱਜ 238 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂਕਿ ਹੁਣ 1872 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 600 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦਾ ਅੰਕੜਾ 1819 ਹੋ ਗਿਆ ਹੈ, ਜਿੰਨ੍ਹਾਂ ਵਿੱਚੋਂ 1102 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 692 ਕੇਸ ਐਕਟਿਵ ਚੱਲ ਰਹੇ ਹਨ। ਵਰਣਨਯੋਗ ਹੈ ਕਿ ਅੱਜ ਹੋਈ ਮੌਤ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 25 ਹੋ ਗਈ ਹੈ।