ਰਾਜਵੰਤ ਸਿੰਘ
- ਅੱਜ ਫ਼ਿਰ ਕੋਰੋਨਾ ਦੇ 61 ਕੇਸ ਆਏ ਸਾਹਮਣੇ, 35 ਮਰੀਜ਼ਾਂ ਨੂੰ ਮਿਲੀ ਛੁੱਟੀ
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਨਿੱਤ ਰੋਜ਼ ਪਾਜ਼ੀਟਿਵ ਆ ਰਹੇ ਕੋਰੋਨਾ ਮਾਮਲਿਆਂ ਦਾ ਗ੍ਰਾਫ ਹੁਣ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਲਾਗ ਦੀ ਇਸ ਬਿਮਾਰੀ ਨੇ ਜਿਵੇਂ ਹੀ ਜ਼ਿਲ੍ਹੇ ਅੰਦਰ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਆਏ ਦਿਨ ਕੋਰੋਨਾ ਕੇਸਾਂ ਦੀ ਆਮਦ ਨਾਲ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 1 ਹਜ਼ਾਰ ਤੋਂ ਵੀ ਪਾਰ ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਿਗ ਤਹਿਤ ਆਏ ਦਿਨ ਦਰਜਨਾਂ ਦੇ ਹਿਸਾਬ ਨਾਲ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ, ਜਦੋਂਕਿ ਕੋਵਿਡ-19 ਸੈਂਟਰ ਤੇ ਹੋਮ ਆਈਸੂਲੇਸ਼ਨ ’ਤੇ ਚੱਲ ਰਹੇ ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਜਾ ਰਿਹਾ ਹੈ। ਐਨਾ ਹੀ ਨਹੀਂ, ਕੋਰੋਨਾ ਮਹਾਂਮਾਰੀ ਜ਼ਿਲ੍ਹੇ ’ਤੇ ਇਸ ਕਦਰ ਹਾਵੀ ਹੋ ਰਹੀ ਹੈ ਕਿ ਹੁਣ ਤੱਕ ਇਸ ਬਿਮਾਰੀ ਤੋਂ ਪੀੜਤ 10 ਜਣਿਆਂ ਦੀ ਮੌਤ ਵੀ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਕਿਤੇ ਨਾ ਕਿਤੇ ਲੋਕਾਂ ਵੱਲੋਂ ਕੀਤੀ ਜਾਂਦੀ ਕਥਿਤ ਨਜ਼ਰਅੰਦਾਜ਼ੀ ਕਰਕੇ ਜ਼ਿਲ੍ਹੇ ’ਤੇ ਆਏ ਦਿਨ ਕੋਰੋਨਾ ਦਾ ਪ੍ਰਭਾਵ ਗਹਿਰਾ ਹੁੰਦਾ ਜਾ ਰਿਹਾ ਹੈ। ਵਰਣਨਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦਾ ਅੰਕੜਾ 1052 ਹੋ ਗਿਆ ਹੈ।
ਅੱਜ 61 ਨਵੇਂ ਕੇਸਾਂ ਦੀ ਹੋਈ ਪੁਸ਼ਟੀ, 35 ਮਰੀਜ਼ਾਂ ਨੂੰ ਮਿਲੀ ਛੁੱਟੀ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਦੇ ਇਕੱਠੇ 61 ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਪਾਜ਼ੀਟਿਵ ਆਏ ਮਾਮਲਿਆਂ ਵਿੱਚੋਂ 24 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 11 ਕੇਸ ਮਲੋਟ, 6 ਕੇਸ ਗਿੱਦੜਬਾਹਾ, 16 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ, 1 ਕੇਸ ਪਿੰਡ ਜੰਡਵਾਲਾ, 1 ਕੇਸ ਪਿੰਡ ਪਿਉਰੀ, 1 ਕੇਸ ਪਿੰਡ ਮਨੀਆਂਵਾਲਾ ਅਤੇ 1 ਕੇਸ ਪਿੰਡ ਰੁਖ਼ਾਲਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਸਿਹਤ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 35 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 359 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1570 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 512 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 1052 ਹੋ ਗਿਆ ਹੈ, ਜਿੰਨ੍ਹਾਂ ਵਿੱਚੋਂ 668 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 374 ਕੇਸ ਐਕਟਿਵ ਚੱਲ ਰਹੇ ਹਨ।