ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੇਸ ਆਏ ਦਿਨ ਲਗਾਤਾਰ ਵੱਧ ਰਹੇ ਹਨ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ 27 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 4 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 13 ਕੇਸ ਮਲੋਟ, 1 ਕੇਸ ਗਿੱਦੜਬਾਹਾ, 4 ਕੇਸ ਕੋਟਭਾਈ, 2 ਕੇਸ ਈਨਾ ਖ਼ੇੜਾ, 1 ਕੇਸ ਗੁਰੂਸਰ ਜੋਧਾਂ, 1 ਕੇਸ ਮਲੋਟ ਤੇ 1 ਕੇਸ ਘੁਮਿਆਰਾ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 41 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 259 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 988 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 150 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2546 ਹੋ ਗਿਆ ਹੈ, ਜਿਸ ਵਿੱਚੋਂ 1939 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 563 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 44 ਮੌਤਾਂ ਹੀ ਹੋ ਚੁੱਕੀਆਂ ਹਨ।