ਰਾਜਵੰਤ ਸਿੰਘ
- ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 47 ਨਵੇਂ ਮਾਮਲੇ ਆਏ ਸਾਹਮਣੇ
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਆਏ ਦਿਨ ਕੋਰੋਨਾ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਕਿਤੇ ਦਰਜਨਾਂ ਦੇ ਹਿਸਾਬ ਨਾਲ ਪਾਜ਼ੇਟਿਵ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਕਿਤੇ ਪੀੜ੍ਹਤਾਂ ਨੂੰ ਮੌਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਪੀੜ੍ਹਤ ਚੱਲ ਰਹੀ ਇੱਕ ਔਰਤ ਤੇ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 47 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ 25 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 2 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ, 9 ਕੇਸ ਮਲੋਟ, 4 ਕੇਸ ਗਿੱਦੜਬਾਹਾ, 2 ਕੇਸ ਪਿੰਡ ਤਰਖ਼ਾਣਵਾਲਾ, 3 ਕੇਸ ਮੰਡੀ ਕਿੱਲਿਆਂਵਾਲੀ, 1 ਕੇਸ ਪਿੰਡ ਲੁਹਾਰਾ ਤੇ 1 ਕੇਸ ਪਿੰਡ ਲੰਡੇ ਰੋਡੇ ਤੋਂ ਸਾਹਮਣੇ ਆਇਆ ਹੈ, ਜਿੰੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 51 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ ਹੈ। ਅੱਜ 502 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂਕਿ ਹੁਣ 1584 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 474 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1968 ਹੋ ਗਈ ਹੈ, ਜਿਸ ਵਿੱਚੋਂ 1272 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 667 ਕੇਸ ਐਕਟਿਵ ਹਨ।
ਇਕ ਔਰਤ ਤੇ ਇੱਕ ਬਜ਼ੁਰਗ ਦੀ ਜ਼ਿੰਦਗੀ ਨਿਗਲ ਗਿਆ ਕੋਰੋਨਾ
ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅੱਜ ਦੋ ਹੋਰ ਮੌਤਾਂ ਹੋਈਆਂ ਹਨ। ਮਿ੍ਰਤਕ ਵਿੱਚ ਇੱਕ ਵਿਅਕਤੀ ਤੇ ਇੱਕ ਔਰਤ ਸ਼ਾਮਲ ਹੈ, ਜੋਕਿ ਦੋਵੇਂ ਹੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵਾਸੀ ਸਨ। ਸਥਾਨਕ ਗੁਰੂ ਅੰਗਦ ਦੇਵ ਨਗਰ ਦਾ ਰਹਿਣ ਵਾਲਾ 82 ਸਾਲਾ ਬਜ਼ੁਰਗ, ਜੋ ਸਾਹ ਦੀ ਤਕਲੀਫ ਤੋਂ ਪੀੜਤ ਸੀ, ਦੀ ਅਚਾਨਕ ਤਬੀਅਤ ਵਿਗੜ ਗਈ, ਜਿਸਨੂੰ ਸਵੇਰੇ 9 ਵਜੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਇਸ ਬਜ਼ੁਰਗ ਦੀ ਅੱਜ ਸਵੇਰੇ ਕਰੀਬ 11:30 ਕੁ ਵਜੇ ਮੌਤ ਹੋ ਗਈ ਹੈ। ਮਿ੍ਰਤਕ ਵਿੱਚ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਦੂਜੀ ਮਿ੍ਰਤਕ ਔਰਤ, ਜੋ 50 ਸਾਲਾ ਦੱਸੀ ਜਾ ਰਹੀ ਹੈ, ਸ਼ਹਿਰ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਸਬੰਧਿਤ ਸੀ। ਮਿ੍ਰਤਕਾ ਪਹਿਲਾਂ ਹੀ ਸ਼ੂਗਰ ਤੋਂ ਪੀੜ੍ਹਤ ਸੀ, ਜਿਸਨੂੰ ਫ਼ਰੀਦਕੋਟ ਦੇ ਇੱਕ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਸਦਾ ਕੋਰੋਨਾ ਸੈਂਪਲ ਵੀ ਪਾਜ਼ੇਟਿਵ ਆਇਆ ਸੀ। ਅੱਜ ਅਚਾਨਕ ਇਸ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਅੱਜ ਹੋਈਆਂ ਮੌਤਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 29 ਹੋ ਗਈ ਹੈ।