ਰਾਜਵੰਤ ਸਿੰਘ
- ਗੰਭੀਰ ਮਰੀਜ਼ਾਂ ਲਈ ਹੁਣ ਕੋਵਿਡ 19 ਟੈਸਟ ਦੀ ਰਿਪੋਰਟ ਮਿਲੇਗੀ ਇੱਕ ਘੰਟੇ 'ਚ
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ 2020 - ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਂਨੇ ਕੋਰੋਨਾ ਵਾਇਰਸ ਦਾ ਜਲਦੀ ਪਤਾ ਲਾਉਣ ਅਤੇ ਟੈਸਟਿੰਗ ਲਈ ਨਵੇਂ ਢੰਗ ਤਰੀਕਿਆਂ ਦੀ ਵਰਤੋਂ ਦੀ ਪਹਿਲ ਕੀਤੀ ਹੈ। ਪੰਜਾਬ ਸਰਕਾਰ ਨੇ ਟੈਸਟਿੰਗ ਲਈ ਟਰੂਨੇਟ ਮਸ਼ੀਨਾਂ ਖਰੀਦੀਆਂ ਹਨ ਤਾਂ ਜ਼ੋ ਮਰੀਜ਼ਾਂ ਦਾ ਜਲਦ ਪਤਾ ਲਾ ਕੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਹੁਣ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਕੁਲ 30 ਮਸ਼ੀਨਾਂ ਕੰਮ ਕਰ ਰਹੀਆਂ ਹਨ। ਜਿਨ੍ਹਾ ਵਿੱਚੋਂ ਜਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਇੱਕ ਮਸ਼ੀਨ ਲਗਾਈ ਗਈ ਹੈ। ਜ਼ੋ ਕਿ ਇੱਕ ਘੰਟੇ ਵਿੱਚ ਹੀ ਕੋਵਿਡ-19 ਟੈਸਟ ਕਰਕੇ ਉਸ ਦਾ ਰਿਜ਼ਲਟ ਦੇ ਦਿੰਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਟਰੂਨੇਟ ਮਸ਼ੀਨਾਂ ਜ਼ਰੀਏ ਟੈਸਟਿੰਗ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੁੰ ਦਿਸ਼ਾਂ ਨਿਰਦੇਸ਼ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਜਿਸ ਅਧੀਨ ਕੋਰੋਨਾ ਜੰਗ ਦੇ ਯੋਧਿਆਂ ਵਿੱਚ ਸ਼ੱਕੀ ਮਰੀਜਾਂ ਜਿਵੇਂ ਸਿਹਤ ਸੰਭਾਲ ਕਰਮਚਾਰੀਆਂ, ਡਾਕਟਰਾਂ, ਪੁਲਸ, ਪ੍ਰਸ਼ਾਸਨਿਕ ਅਧਿਕਾਰੀਆਂ, ਗਰਭਵਤੀ ਔਰਤਾਂ, ਐਸ ਏ ਆਰ ਆਈ ਮਰੀਜਾਂ ਅਤੇ ਐਮਰਜੈਸੀ ਸਰਜਰੀ ਦੇ ਮਰੀਜ਼ਾਂ ਦੀ ਟਰੂਨੇਟ ਟੈਸਟਿੰਗ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ 30 ਜੁਲਾਈ ਤੱਕ ਜਿਲ੍ਹਾ ਸ੍ਰੀ ਮੁਕਤਸਰ ਵਿੱਚ ਟਰੂਨੇਟ ਮਸ਼ੀਨਾਂ ਨਾਲ ਕਰੀਬ 200 ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੋਈ ਵੀ ਮਰੀਜ਼ ਪਾਜ਼ੇਟਿਵ ਨਹੀਂ ਆਇਆ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਨਰਸਿੰਗ ਹੋਮ/ਹਸਪਤਾਲ ਵਿੱਚ ਦਾਖਲ ਮਰੀਜ਼, ਜਿਨ੍ਹਾਂ ਨੂੰ ਤੁਰੰਤ ਟੈਸਟ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚ ਗਰਭਵਤੀ ਔਰਤਾਂ, ਐਮਰਜੈਂਸੀ ਸਰਜਰੀ ਅਤੇ ਸਾਹ ਲੈਣ ਵਿੱਚ ਤਕਲੀਫ਼ ਵਾਲੇ ਮਰੀਜ਼ਾਂ ਨੂੰ ਟਰੂਨੇਟ ਟੈਸਟਿੰਗ ਲਈ ਸਰਕਾਰੀ ਹਸਪਤਾਲਾਂ ਵਿੱਚ ਭੇਜਿਆ ਜਾ ਸਕਦਾ ਹੈ, ਜਿਥੇ ਇਹ ਪ੍ਰਤੀ ਟੈਸਟ 1500 ਰੁਪਏ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਸਰਕਾਰੀ ਹਸਪਤਾਲਾਂ ਵਿੱਚ ਦਾਖਿਲ ਓਪਰੋਕਤ ਮਰੀਜਾਂ ਤੋਂ ਇਲਾਵਾ ਫਰੰਟਲਾਈਨ ਵਰਕਰਾਂ ਦਾ ਇਹ ਟੈਸਟ ਮੁਫ਼ਤ ਕੀਤਾ ਜਾਵੇਗਾ। ਪਹਿਲਾਂ ਇਸ ਮਸ਼ੀਨ ਨਾਲ ਮੁੱਢਲਾ ਟੈਸਟ ਕੀਤਾ ਜਾਂਦਾ ਹੈ ਜੇਕਰ ਇਹ ਟੈਸਟ ਪਾਜੇਟਿਵ ਆਉਂਦਾ ਹੈ ਤਾਂ ਕਨਫਰਮੇਟਰੀ ਟੈਸਟ ਕੀਤਾ ਜਾਂਦਾ ਹੈ ਅਤੇ ਇਸ ਦੀ ਰਿਪੋਰਟ ਪੂਰੀ ਤਰ੍ਹਾ ਮਾਨਤਾ ਪ੍ਰਾਪਤ ਹੈ।