ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 17 ਨਵੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਕਾਰਨ ਤਿੰਨ ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ ਕੋਰੋਨਾ ਦੇ ਨਵੇਂ 16 ਕੇਸ ਵੀ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 8 ਕੇਸ ਸ੍ਰੀ ਮੁਕਤਸਰ ਸਾਹਿਬ ਤੋਂ ਸਬੰਧਿਤ ਪਾਏ ਗਏ ਹਨ, ਜਦੋਂਕਿ 2 ਕੇਸ ਮਲੋਟ, 2 ਕੇਸ ਗਿੱਦੜਬਾਹਾ, 1 ਕੇਸ ਰੁਪਾਣਾ, 1 ਕੇਸ ਲੰਬੀ, 1 ਕੇਸ ਕੋਟਭਾਈ ਤੇ 1 ਕੇਸ ਦਿਓਣ ਖੇੜਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੱਜ 6 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 461 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 567 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 505 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਦੱਸ ਦੇਈਏ ਕਿ ਹੁਣ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3326 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 3046 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਵੇਲੇ 202 ਕੇਸ ਸਰਗਰਮ ਚੱਲ ਰਹੇ ਹਨ।
ਕੋਰੋਨਾ ਕਰਕੇ ਤਿੰਨ ਹੋਰ ਲੋਕਾਂ ਦੀ ਮੌਤ
ਜ਼ਿਲ੍ਹੇ ’ਚ ਅੱਜ ਕੋਰੋਨਾ ਕਰਕੇ ਤਿੰਨ ਜਣਿਆਂ ਦੀ ਮੌਤ ਹੋਈ ਹੈ। ਪਹਿਲਾ ਮਿ੍ਰਤਕ 65 ਸਾਲਾ ਵਿਅਕਤੀ, ਜੋ ਗਿੱਦੜਬਾਹਾ ਨਾਲ ਸਬੰਧਿਤ ਸੀ, ਜੋ ਕੋਰੋਨਾ ਪੀੜ੍ਹਤ ਸੀ ਤੇ ਇਲਾਜ ਲਈ ਫਰੀਦਕੋਟ ਵਿਖੇ ਦਾਖ਼ਲ ਸੀ, ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਦੂਜੀ ਮਿ੍ਰਤਕਾ ਜ਼ਿਲ੍ਹੇ ਦੇ ਪਿੰਡ ਬੁੱਟਰ ਤੋਂ ਸਬੰਧਿਤ ਸੀ, ਜਿਸਦੀ ਉਮਰ 62 ਸਾਲ ਸੀ ਤੇ ਇਲਾਜ ਲਈ ਫਰੀਦਕੋਟ ਦਾਖ਼ਲ ਸੀ, ਦੀ ਅੱਜ ਮੌਤ ਹੋਈ ਹੈ। ਉਥੇ ਹੀ ਤੀਜਾ ਮਿ੍ਰਤਕ ਜੋ ਸ੍ਰੀ ਮੁਕਤਸਰ ਸਾਹਿਬ ਦੇ ਦੀਪ ਸਿੰਘ ਨਗਰ ਤੋਂ ਸੀ ਤੇ ਕੋਰੋਨਾ ਕਰਕੇ ਜਲੰਧਰ ਦਾਖ਼ਲ ਸੀ, ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੁਣ ਤੱਕ 78 ਮੌਤਾਂ ਹੋ ਚੁੱਕੀਆਂ ਹਨ।