ਸੋਨੀਪਤ, 3 ਸਤੰਬਰ 2020 - ਸੋਨੀਪਤ ਜ਼ਿਲ੍ਹੇ ਦੇ ਐਨ.ਐਚ.-44 'ਤੇ ਮੁਰਥਲ ਦੇ ਮਸ਼ਹੂਰ ਸੁਖਦੇਵ ਢਾਬੇ ਦੇ ਲਗਭਗ 65 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇਸ ਤੋਂ ਬਿਨਾਂ ਸੁਖਦੇਬ ਢਾਬੇ ਦੇ ਨਾਲ ਲੱਗਦੇ ਗਰਮ ਧਰਮ ਢਾਬੇ ਦੇ ਵੀ 10 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਸੋਨੀਪਤ ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਦੋਵਾਂ ਢਾਬਿਆਂ ਨੂੰ ਸੀਲ ਕਰਨ ਦੇ ਹੁਕਮ ਜਾਰੀ ਦਿੱਤੇ ਹਨ ਅਤੇ ਖਾਣ ਪੀਣ ਵਾਲੀਆਂ ਵਸਤਾਂ ਨੂੰ ਸਵੱਛ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਰਥਲ ਦੇ ਢਾਬਿਆਂ ਦੇ ਮਜ਼ਦੂਰਾਂ ਦੇ ਨਮੂਨੇ ਲੈਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਨੂੰ ਜਾਰੀ ਰੱਖਦਿਆਂ, ਸਿਹਤ ਟੀਮਾਂ ਨੇ ਸੁਖਦੇਵ ਢਾਬੇ ਦੇ ਲਗਭਗ 300 ਵਰਕਰਾਂ ਦੇ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਵਿਚੋਂ 65 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਸੁਖਦੇਵ ਢਾਬੇ ਦੇ ਮਾਲਕ ਨੇ ਚਾਰ ਦਿਨ ਪਹਿਲਾਂ ਇੱਕ ਬੱਸ ਵਿੱਚ ਬਿਹਾਰ ਤੋਂ ਆਪਣੀ ਲੇਬਰ ਬੁਲਾਈ ਸੀ ਅਤੇ ਸਿਹਤ ਵਿਭਾਗ ਨੂੰ ਉਨ੍ਹਾਂ ਦੇ ਟੈਸਟ ਕਰਵਾਉਣ ਲਈ ਕਿਹਾ ਸੀ।